ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਹੋਣ ਕਰ ਕੇ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ, ਸਿੱਖਿਆ ਸ਼ਾਸਤਰੀ, ਵਿਦਵਾਨ ਅਤੇ ਇੰਡਸਟਰੀ ਦੇ ਮਾਹਿਰ ਆਪੋ ਆਪਣੇ ਘਰਾਂ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਹਨ । ਬੀ.ਐਫ.ਜੀ.ਆਈ. ਨੇ ਇਸ ਮੌਕੇ ਦਾ ਭਰਪੂਰ ਲਾਭ ਲੈਣ ਲਈ ਉਪਰਾਲਾ ਕਰਦਿਆਂ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਆਨ ਲਾਈਨ ਮਾਹਿਰ ਭਾਸ਼ਣਾਂ ਦੀ ਲੜੀ ਸ਼ੁਰੂ ਕੀਤੀ ਹੈ ਤਾਂ ਜੋ ਲਾਕਡਾਊਨ ਦੇ ਇਸ ਸਮੇਂ ਦਾ ਸਦਉਪਯੋਗ ਹੋ ਸਕੇ। ਇਸ ਲੜੀ ਤਹਿਤ ਹੀ ਬੀਤੇ ਦਿਨ ਸੰਸਥਾ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦੇ ਮਨੋਬਲ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਇੱਕ ਆਨਲਾਈਨ ਪੇ੍ਰਰਨਾਦਾਇਕ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਦਿੱਤਾ।
ਬੀ.ਐਫ.ਜੀ.ਆਈ. ਦੇ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਸੰਬੋਧਨ ਕਰਦਿਆਂ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਵਾਲੇ ਡਰ ਭੈਅ ਦੇ ਮਾਹੌਲ ਵਿੱਚ ਤਣਾਅ, ਚਿੰਤਾ ਅਤੇ ਉਦਾਸੀ ਦਾ ਸ਼ਿਕਾਰ ਹੋਣ ਕਰ ਕੇ ਮਨੋਬਲ ਦਾ ਘੱਟਣਾ ਸੁਭਾਵਿਕ ਹੈ ਪਰ ਇਸ ਸਭ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਸਗੋਂ ਇਸ ਸਮੇਂ ਦਾ ਸਦਉਪਯੋਗ ਕਰ ਕੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰੱਖਿਆ ਜਾ ਸਕਦਾ ਹੈ । ਜੇਕਰ ਅਸੀਂ ਇਸ ਸਮੇਂ ਦੌਰਾਨ ਹਾਂ ਪੱਖੀ ਨਜ਼ਰੀਆ ਰੱਖ ਕੇ ਆਪਣੇ ਵਿੱਚ ਸਵੈ ਵਿਸ਼ਵਾਸ ਪੈਦਾ ਕਰ ਲਈਏ ਤਾਂ ਤੁਹਾਡਾ ਇਰਾਦਾ ਵੀ ਮਜ਼ਬੂਤ ਹੋਵੇਗਾ ਅਤੇ ਕੁੱਝ ਵੀ ਹਾਸਲ ਕਰਨ ਦਾ ਮਾਹੌਲ ਪੈਦਾ ਹੋ ਜਾਵੇਗਾ।
ਉਨਾਂ ਨੇ ਕਿਹਾ ਕਿ ਅਸੀਂ ਚੇਤਨ ਮਨ ਨਾਲ ਜੋ ਸੋਚਦੇ ਹਾਂ ਉਹੀ ਸੰਦੇਸ਼ ਹੀ ਅਵਚੇਤਨ ਮਨ ਨੂੰ ਜਾਂਦਾ ਹੈ ਜਿਸ ਨਾਲ ਉਵੇਂ ਹੀ ਵਾਪਰਦਾ ਹੈ। ਇਸ ਲਈ ਆਪਣੇ ਦਿ੍ਰੜ ਇਰਾਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਕੇ ਸੁਨਹਿਰੀ ਭਵਿੱਖ ਦੇ ਸੰਕਲਪ ਲੈਣੇ ਚਾਹੀਦੇ ਹਨ । ਉਨਾਂ ਨੇ ਅੱਗੇ ਕਿਹਾ ਕਿ ਅਧਿਆਪਕਾਂ ਨੇ ਕੇਵਲ ਵਿਦਿਆਰਥੀਆਂ ਦਾ ਪਾਠਕ੍ਰਮ ਹੀ ਪੂਰਾ ਨਹੀਂ ਕਰਵਾਉਣਾ ਹੁੰਦਾ ਸਗੋਂ ਉਨਾਂ ਦੇ ਮਨ ਵਿੱਚ ਚੰਗੇ ਸੁਪਨਿਆਂ ਦੇ ਬੀਜ ਬੀਜਣੇ ਹੁੰਦੇ ਹਨ । ਉਨਾਂ ਨੇ ਬਹੁਤ ਸਾਰੀਆਂ ਪ੍ਰੇਰਨਾਦਾਇਕ ਉਦਾਹਰਨਾਂ ਵੀ ਦਿੱਤੀਆਂ ਕਿ ਕਿਵੇਂ ਮਨੋਬਲ ਨੂੰ ਉੱਚਾ ਚੱੁਕਣ ਨਾਲ ਹਰ ਇੱਕ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜੋ ਤੁਰਦੇ ਹਨ ਉਹੀ ਪੁੱਜਦੇ ਹਨ ਇਸ ਲਈ ਸਵੈ ਪੜਚੋਲ ਕਰ ਕੇ ਅਤੇ ਸਮੇਂ ਦੇ ਅਨੁਸਾਰ ਟੀਚੇ ਮਿੱਥ ਕੇ ਲਗਾਤਾਰ ਆਪਣੀ ਮੰਜ਼ਿਲ ਵੱਲ ਕਦਮ ਵਧਾਉਣਾ ਚਾਹੀਦਾ ਹੈ। ਬੀ.ਐਫ.ਜੀ.ਆਈ. ਦੇ ਵਿਦਿਆਰਥੀ ਅਤੇ ਸਟਾਫ਼ ਇਸ ਭਾਸ਼ਣ ਤੋਂ ਬਹੁਤ ਉਤਸ਼ਾਹਿਤ ਹੋਏ।
ਬੀ.ਐਫ਼.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਸਟਾਫ਼ ਅਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਲਈ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ । ਉਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਮਾਹਿਰਾਂ ਦੇ ਅਜਿਹੇ ਹੀ ਆਨਲਾਈਨ ਭਾਸ਼ਣ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਲਈ ਕਰਵਾਏ ਜਾਣਗੇ।