ਰਜਨੀਸ਼ ਸਰੀਨ
ਜਲੰਧਰ, 10 ਅਪ੍ਰੈਲ 2020 - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਸਮੇਂ ਤੋਂ ਸਕੂਲ ਬੰਦ ਹਨ ਅਤੇ ਪੰਜਾਬ ਵਿੱਚ ਲਗਾਤਾਰ ਵਧ ਰਹੇ ਮਰੀਜ਼ਾਂ ਦੀ ਗਿਣਤੀ ਕਾਰਨ ਆਉਣ ਵਾਲੇ ਸਮੇਂ ਵਿੱਚ 30 ਅਪ੍ਰੈਲ ਤੋਂ ਬਾਅਦ ਵੀ ਸਕੂਲਾਂ ਨੂੰ ਬੰਦ ਰੱਖਣਾ ਪੈ ਸਕਦਾ ਹੈ।
ਇਨ੍ਹਾਂ ਹਾਲਤਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜੀ ਰੱਖਣ ਲਈ ਜਲੰਧਰ ਦੂਰਦਰਸ਼ਨ ਦੀਆਂ ਸੇਵਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰਕਾਰੀ ਸਕੂਲਾਂ ਵਿੱਚ ਬਹੁਗਿਣਤੀ ਕਿਰਤੀ ਵਰਗ ਅਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੀ ਹੁੰਦੀ ਹੈ। ਅੱਜ ਦੇ ਸੰਕਟਮਈ ਹਾਲਾਤਾਂ ਵਿੱਚ ਇਨ੍ਹਾਂ ਵਰਗਾਂ ਨੂੰ ਆਪਣੇ ਚੁੱਲ੍ਹੇ ਭਖਦੇ ਰੱਖਣ ਲਈ ਬੜੀ ਮੁਸ਼ਕਿਲ ਆ ਰਹੀ ਹੈ, ਜਿਸ ਕਾਰਨ ਇਨ੍ਹਾਂ ਵਰਗਾਂ ਦੇ ਬਹੁਗਿਣਤੀ ਪਰਿਵਾਰਾਂ ਕੋਲ ਆਨਲਾਈਨ ਪੜ੍ਹਾਈ ਕਰਨ ਲਈ ਮੋਬਾਇਲ ਉਪਲਬਧ ਨਹੀਂ ਹਨ। ਜਿਨ੍ਹਾਂ ਪਰਿਵਾਰਾਂ ਕੋਲ ਹਨ ਵੀ ਉਹ ਇਸ ਦਾ ਖਰਚਾ ਉਠਾਉਣ ਦੇ ਸਮਰੱਥ ਨਹੀਂ ਹਨ।
ਇਸ ਸਥਿਤੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੀ ਹੈ ਕਿ ਬੱਚਿਆਂ ਨੂੰ ਸਿੱਖਿਆ ਨਾਲ ਜੋੜੀ ਰੱਖਣ ਲਈ ਜਲੰਧਰ ਦੂਰਦਰਸ਼ਨ ਦੀ ਵਰਤੋਂ ਕੀਤੀ ਜਾਵੇ।