ਸਾਹਿਤਕਾਰਾਂ ਵੱਲੋਂ ਸਿੱਖਿਆ ਵਿਭਾਗ ਦੀ ਪਹਿਲ ਕਦਮੀਂ ਦਾ ਸਵਾਗਤ
ਅਸ਼ੋਕ ਵਰਮਾ
ਮਾਨਸਾ, 22 ਜੂਨ 2020: ਪੰਜਾਬ ਦੇ ਨਾਮਵਰ ਸਾਹਿਤਕਾਰ ਅਧਿਆਪਕਾਂ ਦੀਆਂ ਨਰੋਈਆਂ ਲਿਖਤਾਂ “ ਜਿਉਣ ਦਾ ਹੁਨਰ “ ਰਾਹੀਂ ਰਾਜ ਭਰ ਦੇ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ। ਸਿੱਖਿਆ ਵਿਭਾਗ ਵੱਲੋਂ ਪ੍ਰਕਾਸ਼ਿਤ ਇਹ ਕਿਤਾਬਚਾ ਚੰਗੀ ਪਹਿਲ ਕਦਮੀਂ ਹੈ,ਜਿਸ ਦਾ ਅਧਿਆਪਕ ਵਰਗ ਵੱਲੋਂ ਭਰਵਾਂ ਸਵਾਗਤ ਹੋਇਆ ਹੈ। ਡਾ. ਦਵਿੰਦਰ ਸਿੰਘ ਬੋਹਾ, ਸਟੇਟ ਕੋਆਰਡੀਨੇਟਰ ਪੜੋ ਪੰਜਾਬ, ਪੜਾਓ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਜਿਉਣ ਦਾ ਹੁਨਰ ਕਿਤਾਬਚੇ ਦੇ ਹੁਣ ਤੱਕ ਚਾਰ ਅੰਕ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਹਨ ਜਿਸ ਦਾ ਮਕਸਦ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣਾ ਅਤੇ ਨੈਤਿਕ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਬੱਚੇ ਜ਼ਿੰਦਗੀ ਜਿਉਣ ਦਾ ਅਸਲੀ ਮਕਸਦ ਸਿੱਖ ਸਕਣ। ਸੰਪਾਦਕੀ ਬੋਰਡ ਵਿੱਚ ਸ਼ਾਮਿਲ ਉੱਘੇ ਸਾਹਿਤਕਾਰ ਅਧਿਆਪਕਾਂ ਅਮਰਜੀਤ ਕੌਂਕੇ ਪਟਿਆਲਾ, ਹਰਵਿੰਦਰ ਭੰਡਾਲ ਕਪੂਰਥਲਾ, ਸਾਂਵਲ ਧਾਮੀ (ਡਾ. ਚਰਨਪੁਸ਼ਪਿੰਦਰ ਸਿੰਘ )ਹੁਸਅਿਾਰਪੁਰ, ਉੱਘੇ ਕਵੀ ਮਦਨ ਵੀਰਾ ਹੁਸ਼ਿਆਰਪੁਰ, ਅਜਮੇਰ ਸਿੱਧੂ ਨਵਾਂ ਸ਼ਹਿਰ, ਸਤਪਾਲ ਭੀਖੀ, ਮਨਜੀਤ ਪੁਰੀ ਮੁਕਤਸਰ, ਡਾ. ਸਮਸੇਰ ਮੋਹੀ ਹੁਸਅਿਾਰਪੁਰ, ਗੁਰਪ੍ਰੀਤ ਮਾਨਸਾ, ਡਾ. ਸੰਦੀਪ ਸ਼ਰਮਾ ਲੁਧਿਆਣਾ, ਪਰਗਟ ਸਿੰਘ ਸਤੌਜ ਸੰਗਰੂਰ, ਤਰਸੇਮ ਬਰਨਾਲਾ, ਜਗਤਾਰ ਸਿੰਘ ਸੋਖੀ ਫਿਰੋਜ਼ਪੁਰ, ਬਲਜਿੰਦਰ ਮਾਨ ਹੁਸ਼ਿਆਰਪੁਰ, ਡਾਕਟਰ ਪਰਮਜੀਤ ਸਿੰਘ ਕਲਸੀ ਗੁਰਦਾਸਪੁਰ ਤੋਂ ਵਿਦਿਆਰਥੀਆਂ ਲਈ ਚੰਗੀਆਂ ਉਮੀਦਾਂ ਹਨ।
ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਬਾਰੇ ਰਵੀ ਇੰਦਰ ਸਿੰਘ (ਸ਼ਹੀਦੇ-ਆਜਮ ਭਗਤ ਸਿੰਘ ਰਾਜ ਪੁਰਸਕਾਰ ਵਿਜੇਤਾ) ਸ.ਸ. ਮਾਸਟਰ ਸਰਕਾਰੀ ਹਾਈ ਸਕੂਲ ਸੋਢੀ ਨਗਰ ਫਿਰੋਜ਼ਪੁਰ ਦਾ ਕਹਿਣਾ ਹੈ ਕਿ “ਜਿਉਣ ਦਾ ਹੁਨਰ“ ਦਾ ਪ੍ਰਕਾਸ਼ਨ ਸਿੱਖਿਆ ਵਿਭਾਗ ਦੀ ਸਰਵੋਤਮ ਪਹਿਲਕਦਮੀ ਹੈ,ਜੋ ਅਧਿਆਪਕ,ਵਿਦਿਆਰਥੀ ਵਰਗ ਚ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਵਿੱਚ ਸਹਾਈ ਹੋਵੇਗਾ।ਲੇਖਿਕਾ ਜੋਗਿੰਦਰ ਕੌਰ,ਐੱਸ ਐੱਸ ਮਿਸਟ੍ਰੈਸ.ਕੰ.ਸ.ਸ. ਸਕੂਲ,ਰਾਏਕੋਟ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਚਾਰ ਅੰਕਾਂ ਵਿੱਚ ਛਾਪੀ ਜਾ ਰਹੀ ਪੁਸਤਕ ਜਿਉਣ ਦਾ ਹੁਨਰ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸੁਚੱਜੇ ਜੀਵਨ ਦੀ ਸਮਝ ਦੇਣ ਵੱਲ ਚੁੱਕਿਆ ਇੱਕ ਸ਼ਲਾਘਾਯੋਗ ਕਦਮ ਹੈ।ਉਨਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਆਮ ਸੂਝ ਬੂਝ ਅਤੇ ਨੈਤਿਕ ਕਦਰਾਂ ਕੀਮਤਾਂ, ਕੁਦਰਤ ਅਤੇ ਦੇਸ ਪ੍ਰਤੀ ਪਿਆਰ ਅਤੇ ਸਤਿਕਾਰ ਦੇ ਭਾਵ ਵਿਕਸਿਤ ਕਰਦੀਆਂ ਇਹ ਪੁਸਤਕਾਂ ਸਕੂਲਾਂ ਦੀ ਲਾਈਬ੍ਰੇਰੀ ਵਿੱਚ ਉਪਲੱਬਧ ਹੋਣਗੀਆਂ, ਇਹ ਵਿਦਿਆਰਥੀਆਂ ਵਿੱਚ ਗਿਆਨ ਦੇ ਨਾਲ -ਨਾਲ ਪੜਨ ਦੀ ਆਦਤ ਵੀ ਵਿਕਸਿਤ ਕਰਨਗੀਆਂ।
ਲੇਖਕ ਗੁਰਿੰਦਰ ਸਿੰਘ ਕਲਸੀ,ਡੀ.ਐਮ. ਵਿਗਿਆਨ. ਜ਼ਿਲਾ ਰੂਪਨਗਰ ਨੇ ਕਿਹਾ ਕਿ ਸਿੱਖਿਆ ਵਿਭਾਗ,ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਅਤੇ ਜਿਉਣ ਦੇ ਚੰਗੇ ਹੁਨਰ ਪੈਦਾ ਕਰਨ ਵਾਸਤੇ ਪੁਸਤਕ ਲੜੀ “ ਜਿਉਣ ਦਾ ਹੁਨਰ “ ਲਈ ਵਿਦਿਆਰਥੀਆਂ ਚ ਉਤਸ਼ਾਹ ਹੈ, ਕਿਉਂਕਿ ਇਹ ਪੁਸਤਕ ਲੜੀ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਦੀਆਂ ਕਲਮਾਂ ਦੁਆਰਾ ਸਿਰਜੀ ਗਈ ਹੈ । ਛੋਟੇ- ਛੋਟੇ ਬੱਚਿਆਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਇਹ ਪੁਸਤਕ ਲੜੀ ਬਹੁਤ ਸਹਾਈ ਹੋਵੇਗੀ । ਆਪਣੇ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਅਧਿਆਪਕ ਲੇਖਕਾਂ ਨੇ ਹੀ ਇਸ ਪੁਸਤਕ ਲੜੀ ਦੀ ਸੁਚੱਜੀ ਸੰਪਾਦਨਾ ਕੀਤੀ ਹੈ।ਧਰਮਿੰਦਰ ਸਿੰਘ ਭੰਗੂ ਪੰਜਾਬੀ ਮਾਸਟਰ, ਸਸਸਸ ਹਾਫਿਜਾਬਾਦ (ਰੂਪਨਗਰ) ਨੇ ਕਿਹਾ ਕਿ ਜਿਉਣ ਦਾ ਹੁਨਰ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ- ਕੀਮਤਾਂ ਭਰਨ ਦੀ ਸਿੱਖਿਆ ਵਿਭਾਗ ਦੀ ਲੋਕ ਤੇ ਨੈਤਿਕ ਸੱਭਿਆਚਾਰ ਪੱਖੀ ਪਹਿਲਕਦਮੀ ਹੈ, ਇਹ ਨਿਵੇਕਲੀ ਪਹੁੰਚ ਵਿਦਿਆਰਥੀਆਂ ਵਿਚ ਜਿੱਥੇ ਜ਼ਿੰਦਗੀ ਜਿਉਣ ਦੇ ਬਲ ਤੋਂ ਜਾਣੂ ਕਰਵਾਏਗੀ, ਉੱਥੇ ਸਾਡੇ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਖਤਮ ਕਰਕੇ ਸਮਾਨਤਾ ਭਰਪੂਰ ਸਮਾਜ ਬਣਾਉਣ ਵੱਲ ਪੇਸ਼ਕਦਮੀ ਸਾਬਿਤ ਹੋਵੇਗੀ।
ਸਰਕਾਰੀ ਪ੍ਰਾਇਮਰੀ ਸਕੂਲ ,ਤੱਲੀ ਸੈਦਾ ਸਾਹੂ ਫਿਰੋਜ਼ਪੁਰ ਦੇ ਸੁਰਿੰਦਰ ਕੰਬੋਜ ਨੇ ਕਿਹਾ ਕਿ ਕਿਤਾਬ ਵਿਚਲੇ ਲੇਖ ਬੱਚਿਆਂ ਦੇ ਪੱਧਰ ਅਨੁਸਾਰ ਹਨ,ਜਿਨਾਂ ਨੂੰ ਰੰਗ-ਬਿਰੰਗੇ ਚਿੱਤਰਾਂ ਜਰੀਏ ਬੜੀ ਹੀ ਬਾਖੂਬੀ ਨਾਲ ਚਿਤਰਿਆ ਗਿਆ ਹੈ ।ਬੱਚਾ ਜਦੋਂ ਇਸ ਕਿਤਾਬ ਨੂੰ ਪੜਦਾ ਹੈ ਤਾਂ ਉਸਨੂੰ ਪੰਜਾਬੀ ਸੱਭਿਆਚਾਰ ਦੀ ਤਸਵੀਰ ਉਜਾਗਰ ਹੁੰਦੀ ਹੈ। ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ ਛਾਪੀ ਇਹ ਪੁਸਤਕ ਬੱਚਿਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਅਤੇ ਚੰਗੀ ਜੀਵਨ ਜਾਂਚ ਜਿਊਣ ਦੇ ਕਾਬਿਲ ਬਣਾਉਂਦੀ ਹੈ ।ਕੁਲਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ, ਲਹਿਰਾ ਬੇਗਾ(ਬਠਿੰਡਾ)ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਕੋਸ਼ਿਸ਼ ਸਦਕਾ ਪਿਛਲੇ ਸਾਲ ‘ਜਿਉਣ ਦਾ ਹੁਨਰ‘ ਕਿਤਾਬਚੇ ਰਾਹੀਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਭਰਨ,ਜ਼ਿੰਦਗੀ ਦੇ ਵੱਖ -ਵੱਖ ਰੰਗਾਂ ਨੂੰ ਨਿਵੇਕਲੀ ਪਹੁੰਚ ਰਾਹੀਂ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਦਾ ਉਪਰਾਲਾ ਵਾਕਿਆ ਈ ਕਾਬਿਲੇ-ਤਾਰੀਫ਼ ਏ । ਵਿਭਾਗ ਦੇ ਉੱਚ ਅਧਿਕਾਰੀ ਅਤੇ “ਜਿਉਣ ਦਾ ਹੁਨਰ“ ਦੀ ਸਮੁੱਚੀ ਉੱਦਮੀ ਟੀਮ ਵਧਾਈ ਦੀ ਹੱਕਦਾਰ ਹੈ।
ਰੰਗਕਰਮੀ ਅਤੇ ਪੰਜਾਬੀ ਅਧਿਆਪਕ ਵਿੱਕੀ ਢਿੱਲਵਾਂ ,ਸਰਕਾਰੀ ਮਿਡਲ ਸਕੂਲ ਲੰਭਵਾਲੀ ਜਿਲਾ ਫਰੀਦਕੋਟ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਦੇਣ ਦੇ ਨਾਲ-ਨਾਲ ਜਿੰਦਗੀ ਨੂੰ ਜਿਉਣ ਦਾ ਹੁਨਰ ਸਿਖਾਉਣ ਲਈ ‘ਜਿਉਣ ਦਾ ਹੁਨਰ‘ ਨਾਂ ਹੇਠ ਜਾਰੀ ਕੀਤੇ ਕਿਤਾਬਚੇ ਸੋਨੇ ਤੇ ਸੁਹਾਗੇ ਦਾ ਕੰਮ ਕਰਨਗੇ। ਇੱਕ ਚੰਗੇ ਜੌਹਰੀ ਵਾਂਗ ਸਿੱਖਿਆ ਵਿਭਾਗ ਵੱਲੋਂ ਆਪਣੇ ਹੀਰੇ ਅਧਿਆਪਕਾਂ ਦੀ ਤਲਾਸ ਕੀਤੀ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਲੰਬੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਨ ਲਈ ਕਿਹਾ। ਇਹਨਾਂ ਸਾਹਿਤਕਾਰ/ਕਲਾਕਾਰ ਅਧਿਆਪਕਾਂ ਦੇ ਅਮੁੱਲ ਵਿਚਾਰਾਂ ਨਾਲ ਵਿਦਿਆਰਥੀਆਂ ਅੰਦਰ ਲੱਜਾ, ਸ਼ਰਮ, ਹਮਦਰਦੀ, ਸੱਚੀ-ਸੁੱਚੀ ਕਿਰਤ , ਵੱਡਿਆਂ ਦਾ ਆਦਰ , ਛੋਟਿਆਂ ਨਾਲ ਪਿਆਰ ਕਰਨ ਵਰਗੀਆਂ ਆਦਤਾਂ ਪੈਦਾ ਹੋਣਗੀਆਂ। ਇਸ ਉਪਰਾਲੇ ਲਈ ਬਲਵਿੰਦਰ ਸਿੰਘ ਬੁਢਲਾਡਾ,ਅਵਤਾਰ ਦੋਦੜਾ, ਰੰਗ ਹਰਜਿੰਦਰ ,ਡਾਕਟਰ ਸਤਿੰਦਰਜੀਤ ਕੌਰ ਬੁੱਟਰ,ਅਜੀਜ ਸਰੋਏ,ਯੋਗਿਤਾ ਜੋਸ਼ੀ ਨੇ ਵੀ ਸਿੱਖਿਆ ਵਿਭਾਗ ਦੇ ਲੜੀਵਾਰ ਕਿਤਾਬਚੇ ਦੀ ਪ੍ਰਸੰਸਾ ਕੀਤੀ ।