ਅਸ਼ੋਕ ਵਰਮਾ
- ਸ਼ਾਨਦਾਰ ਸੇਵਾਵਾਂ ਬਦਲੇ ਕੱਚੇ ਸਟਾਫ਼ ਨੂੰ ਪੱਕੇ ਕਰਨ ਦੀ ਅਪੀਲ
ਬਠਿੰਡਾ, 23 ਅਪਰੈਲ 2020 - ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸੰਗਤ ਬਲਾਕ ਦੀਆਂ ਆਸ਼ਾ ਵਰਕਰਾਂ ਨੂੰ 30 ਲਿਟਰ ਸੈਨੀਟਾਇਜਰ ਸੌਂਪਿਆ ਅਤੇ ਜਲਦ ਹੀ ਹੋਰ ਜਰੂਰਤ ਦਾ ਸਮਾਨ ਮੁੱਹਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਗਤ ਬਲਾਕ ਦੀ ਆਸ਼ਾ ਯੂਨੀਅਨ ਦੇ ਪ੍ਰਧਾਨ ਮਨਦੀਪ ਕੌਰ, ਜਿਲਾ ਲੀਡਰ ਚਰਨਜੀਤ ਕੌਰ ਤੇ ਹੋਰ ਅਹੁਦੇਦਾਰਾਂ ਨੇ ਵਿਧਾਇਕਾ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕਾ ਪ੍ਰੋ ਰੂਬੀ ਨੇ ਸਬ ਡੀਵੀਜਨਲ ਹਸਪਤਾਲ ਘੁੱਦਾ ਵਿੱਚ ਬਣਾਏ ਗਏ ਆਇਸੋਲੇਸ਼ਨ ਵਾਰਡ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਐਸ ਐਮ ਓ ਡਾ ਨਵਦੀਪ ਕੌਰ ਸਰਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਸਮੂਹ ਸਟਾਫ਼ ਨੂੰ ਵਧੀਆ ਸੇਵਾਵਾਂ ਲਈ ਵਧਾਈ ਦਿੱਤੀ।ਉਹਨਾਂ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਪਰ ਬਠਿੰਡਾ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਬਠਿੰਡਾ ਜਿਲੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਨਹੀਂ ਮਿਲਿਆ ਹੈ। ਉਹਨਾਂ ਕੋਲ ਲਗਾਤਾਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਕੋਲ ਪੀਪੀਈ ਕਿੱਟ, ਸੈਨੀਟਾਇਜਰ ਅਤੇ ਮਾਸਕ ਆਦਿ ਦੀ ਘਾਟ ਹੋਣ ਦੀ ਜਾਣਕਾਰੀ ਪਹੁੰਚ ਰਹੀ ਸੀ, ਕਿਉਂਕਿ ਆਸ਼ਾ ਵਰਕਰਾਂ ਨੂੰ ਘਰ ਤੋਂ ਘਰ ਸਰਵੇ ਕਰਨ ਲਈ ਕਿਹਾ ਗਿਆ ਹੈ ਪਰ ਸੈਨੀਟਾਇਜਰ ਗਲਬਜ਼ ਆਦਿ ਦੀ ਘਾਟ ਹੋਣ ਕਾਰਨ ਆਸ਼ਾ ਵਰਕਰਾਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ।
ਉਨਾਂ ਕਿਹਾ ਕਿ ਇਸ ਕਰਕੇ ਅੱਜ ਆਸ਼ਾ ਵਰਕਰਾਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਵਾਇਆ- ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 20 ਲੀਟਰ ਸੈਨੀਟਾਇਜਰ ਅਤੇ ਮਾਸਕ ਬਲਾਕ ਸੰਗਤ ਅਤੇ ਘੁੱਦਾ ਦੇ ਹਸਪਤਾਲ ਦੇ ਸਟਾਫ਼ ਨੂੰ ਦਿੱਤੇ ਗਏ ਹਨ। ਉਹਨਾ ਕਿਹਾ ਕਿ ਸਿਹਤ ਵਿਭਾਗ ਲਈ ਓਹਨਾਂ ਵੱਲੋ ਪੀਪੀਈ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਸਿਹਤ ਕਾਮੇ ਖੁੱਦ ਸੁਰੱਖਿਅਤ ਰਹਿ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਕਣ।
ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਸੁਰੱਖਿਆ ਸਮਾਨ ਨਾ ਹੋਣ ਕਾਰਨ ਖਤਰੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਦੂਜੇ ਪਾਸੇ ਦਾਨੀ ਸੱਜਣਾਂ, ਸਮਾਜਸੇਵੀਆਂ ਵਲੋਂ ਕਰੋੜਾਂ ਰੁਪਏ ਦੇ ਫੰਡ ਸੂਬਾ ਸਰਕਾਰ ਨੂੰ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੂੰ ਸੁਰੱਖਿਆ ਸਮਾਨ ਦੀ ਸਪਲਾਈ ਨਹੀਂ ਪਹੁੰਚ ਰਹੀ ਹੈ। ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਲਈ ਸਿਹਤ ਵਿਭਾਗ ਦੇ ਯੋਧਿਆਂ ਨੂੰ ਜਰੂਰਤ ਦਾ ਸਮਾਨ ਜਲਦ ਤੋਂ ਜਲਦ ਮੁੱਹਈਆ ਕਰਵਾਇਆ ਜਾਵੇ। ਵਿਧਾਇਕਾ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਜ ਔਖੀ ਘੜੀ ਵਿਚ ਸਿਹਤ ਵਿਭਾਗ ਦੇ ਆਸ਼ਾ ਵਰਕਰ ਤੋਂ ਲੈ ਕੇ ਡਾਕਟਰ ਤੱਕ ਆਪਣੀਆਂ ਅਹਿਮ ਸੇਵਾਵਾਂ ਦੇ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਲਈ ਸੈਲਰੀ ਦੇ ਨਾਲ ਸਪੈਸਲ ਭੱਤੇ ਅਤੇ ਆਸ਼ਾ ਵਰਕਰ, ਠੇਕਾ ਅਧਾਰ ਤੇ ਕੰਮ ਕਰਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।