ਰਜਨੀਸ਼ ਸਰੀਨ
- ਤਾੜੀਆਂ ਦੇ ਨਾਲ ਵਿੱਤੀ ਸਹਾਇਤਾ ਤੇ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨ
ਨਵਾਂਸ਼ਹਿਰ, 3 ਮਈ 2020 - ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ-19 ਦੌਰਾਨ ਮੋਹਰਲੀਆਂ ਸਫ਼ਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ‘ਕੋਵਿਡ ਯੋਧਿਆਂ’ ਵਜੋਂ ਸਨਮਾਨਿਤ ਕਰਨ ਦੀ ਕੀਤੀ ਪਹਿਲ ਕਦਮੀ ’ਚ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ 100 ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤਾੜੀਆਂ ਦੀ ਗੂੰਜ ’ਚ ਪ੍ਰਸ਼ੰਸਾ ਪੱਤਰ ਅਤੇ ਐਨ ਆਰ ਆਈ ਜੁਝਾਰ ਸਿੰਘ (ਪੁਨੂੰ ਮਜਾਰਾ) ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਆ ਗਿਆ।
ਐਮ ਐਲ ਏ ਅੰਗਦ ਸਿੰਘ ਨੇ ਅੱਜ ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਖੇ ਇਨ੍ਹਾਂ ਕੋਵਿਡ ਯੋਧਿਆਂ ਦੇ ਸਨਮਾਨ ’ਚ ਰੱਖੇ ਸਮਾਗਮ ਮੌਕੇ ਆਖਿਆ ਕਿ ਅੱਜ ਜਦੋਂ ਹਰ ਕੋਈ ਕੋੋਰੋਨਾ ਤੋਂ ਦਹਿਸ਼ਤਜ਼ਦਾ ਹੋ ਕੇ ਘਰ ਬੈਠਣ ਨੂੰ ਮਜਬੂਰ ਹੈ, ਉਸ ਮੌਕੇ ਅਗਲੀ ਕਤਾਰ ’ਚ ਹੋ ਕੇ ਕੰਮ ਕਰਨ ਵਾਲੀਆਂ ਸ੍ਰੇਣੀਆਂ ’ਚ ਸਫ਼ਾਈ ਸੇਵਕਾਂ ਦੀ ਬੜੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਸੇਵਕ ਆਪਣੀ ਰੋਜ਼ਾਨਾ ਦੀ ਲੋਕਾਂ ਦੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਂਵਾਰੀ ਨੂੰ ਬੜੀ ਮੇਹਨਤ ਨਾਲ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾ ਕੇ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਚੋਪੜਾ ਤੇ ਲਲਿਤ ਮੋਹਨ ਪਾਠਕ ਤੇ ਸਾਬਕਾ ਕੌਂਸਲਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਵੱਲੋਂ ਸਫ਼ਾਈ ਸੇਵਕਾਂ ’ਤੇ ਫੁੱਲ ਸੁੱਟ ਕੇ ਅਤੇ ਉਨ੍ਹਾਂ ਲਈ ਤਾੜੀਆਂ ਮਾਰ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਇਕੱਲੇ-ਇਕੱਲੇ ਸਫ਼ਾਈ ਸੇਵਕ ਨੂੰ ਵਿਧਾਇਕ ਅੰਗਦ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।