ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜਿਆ ਗਿਆ
ਗੁੜਗਾਊ ਤੋਂ ਆਏ ਵਿਅਕਤੀਆਂ ਨੇ ਸ ਕੁਸ਼ਲਦੀਪ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ
ਫਰੀਦਕੋਟ 29 ਮਾਰਚ, 2020: ਭਾਰਤ ਸਰਕਾਰ ਵੱਲੋਂ ਐਲਾਨੇ ਲਾਕ ਡਾਊਨ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ 21 ਵਿਅਕਤੀ ਜੋ ਕਿ ਗੁੜਗਾਊ ਵਿਖੇ ਵੱਖ ਵੱਖ ਕੰਪਨੀਆਂ ਵਿਚ ਕੰਮ ਕਰ ਰਹੇ ਸਨ ਅਤੇ ਪਿਛਲੇ ਕਈ ਦਿਨਾਂ ਤੋ ਕਰਫਿਊ ਕਾਰਨਂ ਕੰਪਨੀ ਦਾ ਕੰਮਕਾਰ ਬੰਦ ਹੋਣ ਕਾਰਨ ਕੰਪਨੀ ਵੱਲੋਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ,ਇਨ੍ਹਾਂ ਕੋਲ ਨਾ ਹੀ ਕੋਈ ਰੋਜ਼ੀ ਰੋਟੀ ਦਾ ਸਾਧਨ ਸੀ ਅਤੇ ਨਾ ਹੀ ਰਹਿਣ ਦਾ।ਉਪਰੋਕਤ ਇਨ੍ਹਾਂ ਵਿਅਕੀਆਂ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਸ ਕੁਸ਼ਲਦੀਪ ਸਿੰਘ ਢਿੱਲੋ ਨਾਲ ਸੰਪਰਕ ਕੀਤਾ ਗਿਆ। ਸ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣਾ ਨਿੱਜੀ ਵਾਹਨ ਭੇਜ ਕੇ ਅਤੇ ਕਰਫਿਊ ਤੋਂ ਮੰਜੂਰੀ ਦਵਾ ਕੇ ਫਰੀਦਕੋਟ ਲਿਆਂਦਾ ਜਿਸ ਵਿਚ 19 ਨੌਜਵਾਨ ਅਤੇ 2 ਲੜਕੀਆਂ ਸ਼ਾਮਲ ਸਨ।ਇਹ ਵਿਅਕਤੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਣੀ, ਝੋਕ ਸਰਕਾਰੀ ਅਤੇ ਨੱਥਲ ਵਾਲਾ ਨਾਲ ਸਬੰਧਤ ਸਨ।
ਫਰੀਦਕੋਟ ਪਹੁੰਚਣ ਉਪਰੰਤ ਉਨ੍ਹਾਂ ਦਾ ਸਿਵਲ ਹਸਪਤਾਲ ਵਿਖੇ ਡਾ ਚੰਦਰ ਸ਼ੇਖਰ ਕੱਕੜ ਐਸ ਐਮ ਓ ਵੱਲੋਂ ਮੈਡੀਕਲ ਜਾਂਚ ਕੀਤੀ ਗਈ ਅਤੇ ਸਾਰੇ ਸਹੀ ਪਾਏ ਗਏ। ਇਸ ਉਪਰੰਤ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਐਸ ਐਮ ਓ ਵੱਲੋਂ ਉਨ੍ਹਾਂ ਨੁੰ 14 ਦਿਨਾਂ ਲਈ ਘਰ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਵੀ ਦੂਰ ਰਹਿਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੇ ਉਹ 01639-250947 ਤੇ ਸੰਪਰਕ ਕਰ ਸਕਦੇ ਹਨ।
ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਇਕ ਦੂਜੇ ਨਾਲ ਖੜੀਏ।ਉਨ੍ਹਾਂ ਕਿਹਾ ਕਿ ਸਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਜੀ ਓ ਦੀ ਮਦਦ ਨਾਲ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਪੱਧਰ ਤੇ ਆਪਣੇ ਅਖਤਿਆਰੀ ਫੰਡ ਵਿਚੋ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਉਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਜ਼ਿਲ੍ਹਾ ਵਾਸੀਆਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਨਿੱਜੀ ਤੌਰ ਤੇ ਵੀ ਸੰਪਰਕ ਕਰ ਸਕਦੇ ਹਨ।ਵਾਪਸ ਪਰਤੇ ਵਿਅਕਤੀਆਂ ਨੇ ਸ ਕੁਸ਼ਲਦੀਪ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸ ਢਿੱਲੋਂ ਦਾ ਅਹਿਸਾਨ ਜਿੰਦਗੀ ਭਰ ਨਹੀਂ ਭੁੱਲਣਗੇ।