ਅਸ਼ੋਕ ਵਰਮਾ
- ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਧੰਨਵਾਦ
ਮਾਨਸਾ, 8 ਮਈ 2020 - ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਇਸ ਸੰਕਟ ਦੀ ਘੜੀ ’ਚ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਪਿੰਡਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਨਾ ਮਾਤਰ ਹੋਣ ਕਰਕੇ ਇਹ ਸੇਵਾਵਾਂ ਅਣਰਜਿਸ਼ਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨਿਭਾ ਰਹੇ ਹਨ। ਉਨਾਂ ਕਿਹਾ ਜੇਕਰ ਇਸ ਸੰਕਟ ਦੀ ਘੜੀ ਵਿੱਚ ਇਹ ਡਾਕਟਰ ਲੋਕਾਂ ਦੀ ਮੱਦਦ ਉਤੇ ਨਾ ਹੁੰਦੇ ਤਾਂ ਸਥਿਤੀ ਹੋਰ ਗੰਭੀਰ ਹੋ ਜਾਣੀ ਸੀ । ਉਨਾਂ ਕਿਹਾ ਕਿ ਉਂਜ ਤਾਂ ਸਾਰੇ ਭਾਰਤ ਵਿੱਚ ਪਰ ਪੰਜਾਬ ਵਿੱਚ ਇਨਾਂ ਡਾਕਟਰਾਂ ਨੇ ਇਹ ਜ਼ਿੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਈ ਹੈ । ਉਨਾਂ ਕਿਹਾ ਕਿ ਲੌਕਡਾਉਨ ਅਤੇ ਕਰਫਿਊ ਦੇ ਸਮੇਂ ਵਿੱਚ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਖਾਸ ਤੌਰ ਤੇ ਸੋਸ਼ਲ ਡਿਸਟੈਂਸਿੰਗ ਦੇ ਪਾਲਣ ਕਰਨ ਲਈ ਪ੍ਰੇਰਿਆ ਹੈ ਅਤੇ ਆਪਣੀ ਕਮਾਈ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਲੋੜਵੰਦਾਂ ਨੂੰ ਰਾਸ਼ਨ ਸੈਨੇਟਾਈਜ਼ਰ ਦਾ ਸਾਮਾਨ ਆਦਿ ਵੀ ਵੰਡਿਆ ਹੈ ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹੋਰ ਕਰੋਨਾ ਵਾਰੀਅਰਜ਼ ਦਾ ਸਨਮਾਨ ਕਰ ਰਹੀ ਹੈ ਉੱਥੇ ਇਸ ਵੱਡੇ ਤਬਕੇ ਨੂੰ ਅਣਗੌਲਿਆ ਕੀਤਾ ਹੈ ਜਿਸ ਕਰਕੇ ਉਹ ਅੱਜ ਆਪਣਾ ਫਰਜ ਨਿਭਾਉਣ ਆਏ ਹਨ। ਉਨਾਂ ਕਿਹਾ ਉਹ ਆਪਣੇ ਹਲਕੇ ਦੇ ਹੋਰ ਸਾਰੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਨਗੇ ।ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨਾਂ ਨੂੰ ਕੁੱਝ ਟ੍ਰੇਨਿੰਗ ਦੇ ਕੇ ਕੰਮ ਕਰਨ ਲਈ ਰਜਿਸ਼ਟਰਡ ਕੀਤਾ ਜਾਵੇ । ਦੱਸੋਣਯੋਗ ਹੈ ਕਿ ਕਮਾਲੂ ਨੇ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਉਠਾਇਆ ਸੀ ਜਿਸ ਉਤੇ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ ।
ਕਮਾਲੂ ਨੇ ਕਿਹਾ ਕਿ ਮੇਰੇ ਵੱਲੋਂ ਉਠਾਏ ਸਵਾਲ ਨੂੰ ਅਣਗੌਲਿਆਂ ਕਰਕੇ ਸਰਕਾਰ ਅਤੇ ਆਈਐਮਏ ਵਰਗੀਆਂ ਜਥੇਬੰਦੀਆਂ ਇੰਨਾ ਨੂੰ ਝੋਲਾ ਛਾਪ ਦੱਸਦੀਆਂ ਸਨ ਜਦੋਂਕਿ ਸੰਕਟ ਦੀ ਘੜੀ ਵਿੱਚ ਵੱਡੇ ਵੱਡੇ ਸੁਪਰ ਸਪੈਸਲਿਟ ਡਾਕਟਰ ਆਪਣੇ ਹਸਪਤਾਲਾਂ ਨੂੰ ਤਾਲੇ ਲਾ ਕੇ ਘਰ ਬੈਠ ਗਏ ਸਨ ਪਰ ਇੰਨਾ ਪਿੰਡਾਂ ਵਾਲੇ ਅਣ-ਰਜਿਸਟਰਡ ਡਾਕਟਰਾਂ ਨੇ ਹੀ ਲੋਕਾਂ ਦੀ ਬਾਂਹ ਫੜੀ ਹੈ ਇਸ ਲਈ ਇਹ ਵੀ ਕੋਰੋਨਾ ਵਾਰੀਅਰਜ ਦੀ ਕਤਾਰ ਵਿੱਚ ਆਉਂਦੇ ਹਨ। ਉਨਾਂ ਕਿਹਾ ਕਿ ਸਰਕਾਰ ਨੂੰ ਇਨਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ।
ਇਸ ਮੌਕੇ ਉੱਤੇ ਹਾਜਰ ਬਾਬਾ ਬੂਝਾ ਸਿੰਘ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕਿਹਾ ਕਿ ਸ੍ਰੀ ਕਮਾਲੂ ਨੇ ਇੰਨਾਂ ਡਾਕਟਰਾਂ ਨੂੰ ਸਨਮਾਨਿਤ ਕਰਕੇ ਲੋਕ ਪੱਖੀ ਨੁਮਾਇੰਦਾ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਮਹਾਨ ਕਾਰਜ ਲਈ ਪੰਜਾਬ ਦੇ ਮੁੱਖ ਮੰਤਰੀ ਜਾ ਕਿਸੇ ਸਾਬਕਾ ਮੁੱਖ ਮੰਤਰੀ ਤੋਂ ਸਨਮਾਨ ਦੇ ਦੋ ਸਬਦ ਵੀ ਨਹੀਂ ਸਰੇ ਹਨ। ਮੈਡੀਕਲ ਪੈ੍ਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਅਸੀਂ ਐਸੋਸੀਏਸਨ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਪ੍ਧਾਨ ਮੰਤਰੀ ਭਾਰਤ ਸਰਕਾਰ ਤੋਂ ਪੱਤਰ ਭੇਜਕੇ ਮੰਗ ਕਰ ਚੁੱਕੇ ਹਾਂ ਕਿ ਸਾਡੇ ਪੈ੍ਕਟੀਸ਼ਨਰ ਸਾਥੀਆਂ ਨੂੰ ਇਸ ਸੰਕਟ ਦੀ ਘੜੀ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਦੀ ਮਾਨਤਾ ਦੇਵੇ ਜਦੋਂਕਿ ਦੋਨਾਂ ਹੀ ਸਰਕਾਰਾ ਨੇ ਸਾਡੀ ਅਪੀਲ ਨੂੰ ਦਰਕਿਨਾਰ ਕਰ ਦਿੱਤਾ ਹੈ।
ਐਸੋਸੀਏਸ਼ਨ ਵੱਲੋਂ ਵਿਧਾਇਕ ਦਾ ਧੰਨਵਾਦ ਕਰਦਿਆਂ ਡਾ ਧੰਨਾ ਮੱਲ ਗੋਇਲ ਨੇ ਕਿਹਾ ਕਿ ਐਮਐਲਏ ਜਗਦੇਵ ਸਿੰਘ ਕਮਾਲੂ ਨੇ ਜਿੱਥੇ ਸਨਮਾਨ ਕਰਕੇ ਸਾਡਾ ਹੌਸਲਾ ਵਧਾਇਆ ਗਿਆ ਹੈ ਉੱਥੇ ਲੋਕ ਸੇਵਾ ਦੇ ਇਸ ਕਾਰਜ ਤੇ ਵੀ ਮੋਹਰ ਲਾਈ ਹੈ। ਸ੍ਰੀ ਗੋਇਲ ਨੇ ਪੰਜਾਬ ਦੇ ਸਮੂਹ ਪੈ੍ਕਟੀਸ਼ਨਰਾਂ ਨੂੰ ਵੀ ਅਪੀਲ ਕੀਤੀ ਕਿ ਸਾਵਧਾਨੀਆਂ ਦਾ ਧਿਆਨ ਰੱਖਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿਣ। ਇਸ ਸਮੇਂ ਬਲਾਕ ਮੌੜ ਦੇ ਪ੍ਧਾਨ ਕਰਮਜੀਤ ਸ਼ਰਮਾ, ਚੇਅਰਮੈਨ ਨਾਨਕ ਚੰਦ ਕੁੱਬੇ,ਸਕੱਤਰ ਜਸਵੀਰ ਸਿੰਘ, ਕੈਸੀਅਰ ਹਰਦੇਵ ਸਿੰਘ ਕਮਾਲੂ,ਵਾਈਸ ਪ੍ਧਾਨ ਜਗਸੀਰ ਕੋਟਲੀ, ਦਰਸ਼ਨ ਸਿੰਘ ਕਮਾਲੂ , ਹੈਪੀ ਸਿੰਘ, ਮੰਦਰ ਸਿੰਘ ,ਭੰਗਾ ਸਿੰਘ ਆਦਿ ਮੈਡੀਕਲ ਪ੍ਰੈਕਟੀਸ਼ਨਰ ਹਾਜਿਰ ਸਨ।