ਨਾਬਾਲਗਾਂ ਨੂੰ ਤੰਬਾਕੂ, ਸਿਗਰਟ ਵੇਚਣ 'ਤੇ 7 ਸਾਲ ਦੀ ਕੈਦ, 1 ਲੱਖ ਰੁਪਏ ਦਾ ਹੋ ਸਕਦਾ ਹੈ ਜੁਰਮਾਨਾ
ਐਸ ਏ ਐਸ ਨਗਰ, 30 ਮਈ 2020: ਵਿਸ਼ਵ ਤੰਬਾਕੂ ਦਿਵਸ ਦੇ ਮੌਕੇ 'ਤੇ ਅੱਜ ਸੀਨੀਅਰ ਮੈਡੀਕਲ ਅਫਸਰ, ਪੀਐਚਸੀ ਬੂਥਗੜ੍ਹ ਡਾ. ਦਿਲਬਾਗ ਸਿੰਘ ਦੀ ਅਗਵਾਈ ਵਿਚ ਟੀਮਾਂ ਵਲੋਂ ਬਲਾਕ ਮਾਜਰੀ ਅਤੇ ਪਿੰਡ ਖਿਜ਼ਰਾਬਾਦ ਵਿਖੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਕੁੱਲ 56 ਵਿਅਕਤੀਆਂ ਦੇ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ‘ਤੇ ਚਲਾਨ ਵੀ ਕੀਤੇ ਗਏ।
ਐਸ. ਐਮ. ਓ. ਨੇ ਦੱਸਿਆ ਕਿ ਲੋਕਾਂ ਨੂੰ ਤੰਬਾਕੂ ਅਤੇ ਸਿਗਰਟ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਉਦੇਸ਼ਾਂ ਅਨੁਸਾਰ ਇੱਕ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਏਐਨਐਮਜ਼, ਸੀਐਚਓਸ, ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਬੂਥਗੜ੍ਹ ਬਲਾਕ ਅਧੀਨ ਆਉਂਦੇ 120 ਪਿੰਡਾਂ ਵਿਚ ਤੰਬਾਕੂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ, ਮਾਸਕ ਪਹਿਨਣਾ ਅਤੇ ਸੈਨੀਟਾਈਜ਼ਰ ਵਰਤਣ ਵਰਗੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਬਾਰੇ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਵਿਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ 100 ਗਜ਼ ਦੀ ਸੀਮਾਂ ਅੰਦਰ ਤੰਬਾਕੂ, ਸਿਗਰੇਟ ਦੀ ਵਿਕਰੀ 'ਤੇ ਪਾਬੰਦੀ ਹੈ। ਦੁਕਾਨਦਾਰਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਨਾਬਾਲਿਗਾਂ ਨੂੰ ਤੰਬਾਕੂ ਅਤੇ ਸਿਗਰਟ ਵੇਚਣ ‘ਤੇ 7 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।
ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖਣ, ਆਪਣੇ ਸਮਾਨ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਅਤੇ ਸਭ ਤੋਂ ਮਹੱਤਵਪੂਰਨ, ਗਲੀਆਂ-ਸੜੀਆਂ ਜਾਂ ਘਟੀਆ ਚੀਜ਼ਾਂ ਨਾ ਵੇਚਣ ਦੀ ਅਪੀਲ ਕੀਤੀ ਜੋ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਈ.ਈ. ਵਿਕਰਮ ਕੁਮਾਰ, ਐਸਆਈ ਗੁਰਤੇਜ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ ਅਤੇ ਕਾਂਸਟੇਬਲ ਗੁਰਮੇਲ ਸਿੰਘ ਸ਼ਾਮਲ ਸਨ।