ਅਸ਼ੋਕ ਵਰਮਾ
- ਬਠਿੰਡਾ ’ਚ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ
ਬਠਿੰਡਾ, 5 ਅਪ੍ਰੈਲ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕਣਕ ਖਰੀਦ ਲਈ ਸੂਬੇ ਦੀ 22000 ਕਰੋੜ ਰੁਪਏ ਦੀ ਸੀਸੀ ਲਿਮਟ ਮੰਜੂਰ ਹੋ ਚੁੱਕੀ ਹੈ। ਉਨਾਂ ਕਿਹਾ ਕਿ ਕਿਸਾਨਾਂ ਦੀ ਕਣਕ ਖਰੀਦ ਦੀ ਢੁੱਕਵੀਂ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਖਰੀਦ ਪ੍ਰਿਆ ਨੂੰ ਥੋੜਾ ਲੰਬਾ ਕੀਤਾ ਜਾਵੇਗਾ ਤਾਂ ਜੋ ਮੰਡੀਆਂ ਵਿਚ ਸਮਾਜਿਕ ਦੂਰੀ ਬਣੀ ਰਹੇ ਅਤੇ ਕਿਸਾਨ ਅਸਾਨੀ ਨਾਲ ਆਪਣੀ ਫਸਲ ਵੇਚ ਸਕਣ। ਉਨਾਂ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਸਾਰੇ ਇੰਤਜਾਮ ਕਰ ਲਏ ਹਨ। ਉਨਾਂ ਦੱਸਿਆ ਕਿ ਇਸ ਸਮੇਂ ਪੰਜਾਾਬ ਤੋਂ ਰੋਜਾਨਾਂ ਲਗਭਗ 30 30 ਮਾਲ ਗੱਡੀਆਂ ਦੂਜਿਆਂ ਸੂਬਿਆਂ ਨੂੰ ਜਾ ਰਹੀਆਂ ਹਨ ਜਿਸ ਨਾਲ ਸੂਬੇ ਦੇ ਗੋਦਾਮਾਂ ਵਿਚ ਅਗਲੀ ਫਸਲ ਭੰਡਾਰ ਲਈ ਵਾਧੂ ਥਾਂ ਉਪਲਬੱਧ ਹੋਵੇਗੀ।
ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਜ਼ਿਲਿਆਂ ਨੂੰ ਹੁਣ ਤੱਕ 150 ਕਰੋੜ ਰੁਪਏ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਹਨ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸਕਿਲ ਦੌਰ ਵਿਚ ਸਰਕਾਰ ਸੂਬੇ ਦੇ ਲੋਕਾਂ ਨਾਲ ਖੜੀ ਹੈ ਅਤੇ ਰਾਹਤ ਕਾਰਜਾਂ ਅਤੇ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਇੰਤਜਾਮ ਕੀਤੇ ਜਾਣਗੇ ਅਤੇ ਇਸ ਕੰਮ ਵਿਚ ਪੈਸੇ ਦੀ ਘਾਟ ਕੋਈ ਅੜਿਕਾ ਨਹੀਂ ਬਣੇਗੀ।
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਖਰੀਦਣ ਲਈ ਵੀ 50 ਕਰੋੜ ਰੁਪਏ ਦਿੱਤੇ ਗਏ ਹਨ। ਉਨਾਂ ਨੇ ਦੱਸਿਆ ਕਿ ਕੋਵਿਡ 19 ਦੇ ਟਾਕਰੇ ਲਈ ਹੰਗਾਮੀ ਕਦਮ ਦੇ ਤੌਰ ਤੇ ਵੱਧੀਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਖਰੀਦ ਕਮੇਟੀ ਨੂੰ ਕੋਵਿਡ 19 ਬਿਮਾਰੀ ਨਾਲ ਨਿਪਟਣ ਲਈ ਸਾਜੋ ਸਮਾਨ ਨਾਲ ਸਬੰਧਤ ਸਾਰੀਆਂ ਖਰੀਦਦਾਰੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਇਕ ਹਫ਼ਤੇ ਵਿਚ ਹਰੇਕ ਪ੍ਰਕਾਰ ਦਾ ਸਾਜੋ ਸਮਾਨ ਜ਼ਿਲਿਆਂ ਤੱਕ ਪੁੱਜ ਜਾਵੇਗਾ ਅਤੇ ਕਿਸੇ ਵੀ ਲੋੜੀਂਦੇ ਸਮਾਨ ਦੀ ਘਾਟ ਨਹੀਂ ਰਹੇਗੀ।
ਬਾਦਲ ਨੇ ਕਿਹਾ ਕਿ ਇਸ ਮੌਕੇ ਇਕ ਤਰਾਂ ਦੀ ਕੌਮੀ ਜੰਗ ਅਸੀਂ ਲੜ ਰਹੇ ਹਾਂ ਅਤੇ ਕਿਸੇ ਨੂੰ ਵੀ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਬਠਿੰਡਾ ਵਿਚ ਹਰ ਰੋਜ 25 ਹਜਾਰ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਖੁਆਇਆ ਜਾ ਰਿਹਾ ਹੈ। 7900 ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ। ਇਸ ਤੋਂ ਬਿਨਾਂ 7 ਦਿਨ ਪਹਿਲਾਂ ਜਿੰਨਾਂ ਨੂੰ ਇਕ ਇਕ ਹਫ਼ਤੇ ਦਾ ਰਾਸ਼ਨ ਵੰਡਿਆਂ ਗਿਆ ਸੀ ਉਨਾਂ 1000 ਪਰਿਵਾਰਾਂ ਨੂੰ ਅੱਜ ਅਗਲੇ ਹਫਤੇ ਦਾ ਸੁੱਕਾ ਰਾਸ਼ਨ ਦੁਬਾਰਾ ਵੰਡਿਆ ਜਾ ਰਿਹਾ ਹੈ। ਬਠਿੰਡਾ ’ਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਅੱਜ ਜ਼ਿਲੇ ਦੇ ਸੀਨਿਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲੇ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।
ਇੱਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਦੱਸਿਆ ਕਿ ਕਰੋਨਾ ਕਾਰਨ ਪੈਦਾ ਹੋਏ ਸਕੰਟ ਦੇ ਬਾਵਜੂਦ ਸੂਬਾ ਸਰਕਾਰ ਆਪਣੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਦੇਵੇਗੀ। ਉਨਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸਐਸਪੀ ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸਡੀਐਮ ਅਮਰਿੰਦਰ ਸਿੰਘ ਟਿਵਾਣਾ, ਸਿਵਲ ਸਰਜਨ ਡਾ: ਅਮਰੀਕ ਸਿੰਘ, ਸ਼੍ਰੀ ਕੇ.ਕੇ ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਅਨਿਲ ਭੋਲਾ, ਸ਼੍ਰੀ ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ ਅਤੇ ਸ਼ ਰਤਨ ਰਾਹੀ ਆਦਿ ਵੀ ਹਾਜਰ ਸਨ।