ਜ਼ਿਲੇ ਵਿਚ ਹਾਲੇ ਨਹੀਂ ਕੋਈ ਕਰੋਨਾ ਮਰੀਜ
ਅਸ਼ੋਕ ਵਰਮਾ
ਬਠਿੰਡਾ, 13 ਅਪ੍ਰੈਲ 2020: ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਕਣਕ ਦੀ ਸਰਕਾਰੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਹ ਜਾਣਕਾਰੀ ਸੋਮਵਾਰ ਨੂੰ ਇੱਥੇ ਕਣਕ ਖਰੀਦ ਪ੍ਰਬੰਧਾਂ ਅਤੇ ਕੋਵਿਡ 19 ਸਬੰਧੀ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਬੈਠਕ ਕਰਨ ਤੋਂ ਬਾਅਦ ਦਿੱਤੀ।
ਵਿੱਤ ਮੰਤਰੀ ਨੇ ਦੱਸਿਆ ਕਿ ਜ਼ਿਲੇ ਵਿਚ ਕਣਕ ਦੇ ਖਰੀਦ ਕੇਂਦਰਾਂ ਦੀ ਗਿਣਤੀ ਦੁੱਗਣੇ ਤੋਂ ਵੀ ਵੱਧ ਵਧਾ ਕੇ 442 ਕਰ ਦਿੱਤੀ ਗਈ ਹੈ। ਉਨਾਂ ਨੇ ਦੱਸਿਆ ਕਿ ਕਣਕ ਦੀ ਖਰੀਦ ਲਈ ਸਾਰੇ ਢੁੱਕਵੇਂ ਇੰਤਜਾਮ ਕਰ ਲਏ ਗਏ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਆਪਣੇ ਆੜਤੀਏ ਦੇ ਮਾਰਫਤ ਮੰਡੀ ਵਿਚ ਕਣਕ ਲੈ ਕੇ ਆਉਣ ਲਈ ਪਾਸ ਪ੍ਰਾਪਤ ਕਰ ਲੈਣ ਅਤੇ ਪਾਸ ਤੇ ਦੱਸੀ ਗਈ ਮਿਤੀ ਨੂੰ ਨਿਰਧਾਰਤ ਮੰਡੀ ਵਿਚ ਹੀ ਫਸਲ ਲੈ ਕੇ ਆਉਣ। ਉਨਾਂ ਨੇ ਦੱਸਿਆ ਕਿ ਸਰਕਾਰੀ ਖਰੀਦ 15 ਅਪ੍ਰੈਲ ਤੋਂ ਆਰੰਭ ਹੋਵੇਗੀ।
ਇਸੇ ਤਰਾਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਅਗਾਮੀ ਸਾਊਣੀ ਦੀ ਫਸਲ ਲਈ ਨਰਮੇ ਦੇ ਬੀਟੀ ਬੀਜਾਂ ਅਤੇ ਖਾਦਾਂ ਦਾ ਪ੍ਰਬੰਧ ਵੀ ਵਿਭਾਗਾਂ ਨੇ ਜਰੂਰਤ ਅਨੁਸਾਰ ਕਰ ਲਿਆ ਹੈ। ਉਨਾਂ ਨੇ ਕਿਹਾ ਕਿ ਕਿਸਾਨ ਸਰਕਾਰ ਲਈ ਪਹਿਲੀ ਤਰਜੀਹ ਹਨ ਅਤੇ ਉਨਾਂ ਨੂੰ ਕਿਸੇ ਕਿਸਮ ਦੀ ਔਂਕੜ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਉਨਾਂ ਨੇ ਕੋਵਿਡ 19 ਰਾਹਤ ਕਾਰਜਾਂ ਬਾਰੇ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਲੋੜਵੰਦ ਜ਼ਿਲੇ ਵਿਚ ਇਸ ਸੰਕਟ ਦੇ ਸਮੇਂ ਵਿਚ ਭੁੱਖਾ ਨਾ ਸੌਵੇਂ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਦੁੱਧ, ਸਬਜੀਆਂ, ਰਾਸ਼ਨ, ਦਵਾਈਆਂ ਆਦਿ ਜਰੂਰੀ ਵਸਤਾਂ ਦੀ ਸਪਲਾਈ ਹੁਣ ਘਰਾਂ ਤੱਕ ਆਮ ਵਾਂਗ ਹੋ ਰਹੀ ਹੈ। ਉਨਾਂ ਨੇ ਜ਼ਿਲੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਵੱਲੋਂ ਮਿਲੇ ਸਹਿਯੋਗ ਦਾ ਹੀ ਨਤੀਜਾ ਹੈ ਕਿ ਹਾਲੇ ਤੱਕ ਬਠਿੰਡਾ ਜ਼ਿਲੇ ਵਿਚ ਕੋਵਿਡ 19 ਬਿਮਾਰੀ ਦਾ ਕੋਈ ਮਰੀਜ ਨਹੀਂ ਪਾਇਆ ਗਿਆ ਹੈ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਵੀ ਹਾਜਰ ਸਨ।
ਸਮਾਜਿਕ ਧਿਰਾਂ ਦੀ ਹੌਂਸਲਾ ਅਫਜਾਈ
ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸਿਵਲ ਲਾਇਨਜ਼ ਕਲੱਬ ਵੱਲੋਂ ਅਤੇ ਸਮਰਪਨ ਵੇਲਫੇਅਰ ਸੁਸਾਇਟੀ ਵੱਲੋਂ ਮਧੋਕਪੁਰਾ ਵਿਖੇ ਚਲਾਏ ਜਾ ਰਹੇ ਲੰਗਰ ਵਿਖੇ ਪੁੱਜ ਕੇ ਵੰਲਟੀਅਰਾਂ ਦੀ ਹੌਂਸਲਾ ਅਫਜਾਈ ਕੀਤੀ। ਸ: ਬਾਦਲ ਨੇ ਇਸ ਮੌਕੇ ਕਿਹਾ ਕਿ ਉਨਾਂ ਨੂੰ ਬਠਿੰਡਾ ਦੇ ਸਮਾਜ ਸੇਵੀਆਂ ਤੇ ਵੱਡਾ ਮਾਣ ਹੈ ਜੋ ਦਿਨ ਰਾਤ ਇਕ ਕਰਕੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਬਠਿੰਡੇ ਦੇ ਲੋਕਾਂ ਨੂੰ ਲੋਕ ਸੇਵਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ ਜੋ ਹੋਰਨਾਂ ਜ਼ਿਲਿਆਂ ਲਈ ਪ੍ਰੇਰਣਾ ਸ਼ੋ੍ਰਤ ਹੈ।