ਅਸ਼ੋਕ ਵਰਮਾ
ਬਠਿੰਡਾ, 6 ਮਈ 2020 - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਸਵਰਗਵਾਸੀ ਮਾਤਾ ਦੀ ਯਾਦ ’ਚ ਬਠਿੰਡਾ ਦੇ 10 ਹਜਾਰ ਪਰਿਵਾਰਾਂ ਤੱਕ ਹਰੀਆਂ ਸਬਜੀਆਂ ਦੀਆਂ ਕਿੱਟਾਂ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਪਹਿਲੇ ਦਿਨ ਉਨਾਂ ਸ਼ਹਿਰ ਦੇ 2 ਹਜਾਰ ਪਰਿਵਾਰਾਂ ਨੂੰ ਇਹ ਕਿੱਟਾਂ ਭੇਜੀਆਂ ਹਨ। ਉਨਾਂ ਨੇ ਕਿਹਾ ਕਿ ਮਨੁੱਖੀ ਸਿਹਤ ਲਈ ਹਰੀਆਂ ਸਬਜੀਆਂ ਬਹੁਤ ਜਰੂਰੀ ਹਨ ਅਤੇ ਇੰਨਾਂ ਨੂੰ ਖੁਰਾਕ ਵਿਚ ਸਾਮਿਲ ਕਰਨ ਨਾਲ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਸਕਤੀ ਵਿਚ ਵੀ ਵਾਧਾ ਹੁੰਦਾ ਹੈ। ਇਸ ਲਈ ਉਨਾਂ ਨੇ ਫੈਸਲਾ ਕੀਤਾ ਹੈ ਕਿ 10 ਹਜਾਰ ਜਰੂਰਤਮੰਦ ਪਰਿਵਾਰਾਂ ਤੱਕ ਇਹ ਸਬਜੀ ਕਿੱਟਾਂ ਮੁਫਤ ਪਹੁੰਚਾਈਆਂ ਜਾਣ।
ਅੱਜ ਹਰਦੇਵ ਨਗਰ, ਬੇਅੰਤ ਨਗਰ, ਸਾਂਤ ਨਗਰ, ਦੁੱਗਲ ਪੈਲੇਸ ਨੇੜੇ ਝੁੱਗੀਆਂ, ਆਵਾ ਬਸਤੀ, ਬੀਰਬਲ ਬਸਤੀ, ਉਧਮ ਸਿੰਘ ਨਗਰ, ਸਾਂਈ ਨਗਰ ਅਤੇ ਪਾਰਸ ਰਾਮ ਨਗਰ ਆਦਿ ਇਲਾਕਿਆਂ ਵਿਚ ਸਬਜੀਆਂ ਦੀ ਵੰਡ ਕੀਤੀ ਗਈ। ਵਿੱਤ ਮੰਤਰੀ ਨੇ ਜਾਰੀ ਬਿਆਨ ਵਿਚ ਕਿਹਾ ਕਿ ਕੋਵਿਡ 19 ਕਾਰਨ ਪੈਦਾ ਹੋਏ ਸੰਕਟ ਵਿਚ ਬਠਿੰਡਾ ਦੇ ਲੋਕਾਂ ਤੱਕ ਸਰਕਾਰ ਨੇ ਵੀ ਹਰ ਮਦਦ ਪਹੁੰਚਾਈ ਹੈ ਅਤੇ ਸਾਡੇ ਲੋਕ ਵੀ ਇਕ ਦੂਜੇ ਦਾ ਸਹਾਰਾ ਬਣੇ ਹਨ।ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਘਰ ਘਰ ਜਾ ਕੇ ਰਾਸ਼ਨ ਦੀ ਵੰਡ ਵੀ ਕੀਤੀ ਗਈ ਸੀ ਅਤੇ ਹੁਣ ਇਹ ਸਬਜੀ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਸੀਨਿਅਰ ਕਾਂਗਰਸੀ ਆਗੂ ਜੈਜੀਤ ਸਿੰਘ ਜ਼ੌਹਲ ਨੇ ਦੱਸਿਆ ਕਿ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਅਗਲੇ 4-5 ਦਿਨ ਵਿਚ ਇਹ ਸਬਜੀ ਪੁੱਜਦੀ ਕਰਨਗੇ। ਉਨਾਂ ਨੇ ਕਿਹਾ ਕਿ ਇਹ ਰਾਹਤ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਮੌਕੇ ਕੇਕੇ ਅਗਰਵਾਲ, ਅਰੁਣ ਵਧਾਵਨ, ਜਗਰੂਪ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ ਅਤੇ ਮਾਸਟਰ ਹਰਮੰਦਰ ਸਿੰਘ ਸਿੱਧੂ ਆਦਿ ਵੀ ਹਾਜਰ ਸਨ।