ਫਿਰੋਜ਼ਪੁਰ 04 ਅਪ੍ਰੈਲ 2020 : ਪੰਜਾਬ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕ ਇਹੋ ਜਹੇ ਵੀ ਹਨ ਜੋ ਖਤਰਾ ਮੁੱਲ ਲੈਕੇ ਵੀ ਗਰੀਬ /ਮਜ਼ਦੂਰ ਲੋਕਾਂ ਨੂੰ ਘਰੇਲੂ ਰਾਸ਼ਨ ,ਖਾਣਾ ਆਦਿ ਦੇਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਹਾਲਾਂਕਿ ਕੋਰੋਨਾ ਵਾਇਰਸ ਅਜਿਹੀ ਭਿਆਨਕ ਬਿਮਾਰੀ ਹੈ ਜਿਸ ਦੇ ਸੰਪਰਕ ਚ ਅਉਣਾ ਵੀ ਖਤਰਾ ਹੀ ਖਤਰਾ ਹੈ, ਅਜਿਹੇ ਵਿਚ ਇਹ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਡਟੇ ਹੋਏ ਹਨ।
ਇਹਨਾਂ ਲੋਕਾਂ ਵਿਚੋਂ ਫਿਰੋਜ਼ਪੁਰ ਦੇ ਕਾਰੋਬਾਰੀ ਵੀ ਪੀ ਸਿੰਘ ਵੀ ਇਕ ਹਨ ਜੋ ਅੱਜ ਫਿਰ 6ਵੇਂ ਦਿਨ ਫਿਰੋਜ਼ਪੁਰ ਦੀਆਂ ਉਹਨਾਂ ਗਲੀਆਂ ਵਿੱਚ ਨਿਕਲੇ ਜਿਥੇ ਲੋਕ ਦਿਹਾੜੀਆਂ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ ਪਰ ਕਰਫ਼ਿਊ ਲੱਗਾ ਹੋਣ ਕਰਕੇ ਰੋਟੀ ਤੋਂ ਵੀ ਮੁਥਾਜ ਹੋ ਕੇ ਰਹੇ ਗਏ ਹਨ। ਵੀ ਪੀ ਸਿੰਘ ਫਿਰੋਜ਼ਪੁਰ ਦੇ ਵਾਰਡ ਨੰਬਰ 29, 30 ਅਤੇ ਸ਼ੇਖਾਂ ਵਾਲੀ ਵਸਤੀ ਦੀਆਂ ਗਲੀਆਂ ਵਿਚ ਖੁਦ ਚੱਲ ਕੇ ਗਏ ਅਤੇ ਘਰੋ ਘਰੀ ਜਾ ਕੇ ਕਰੀਬ ਅੱਠ ਸੌ ਪਰਿਵਾਰਾਂ ਨੂੰ ਪੈਕ ਕੀਤਾ ਹੋਇਆ ਖਾਣਾ ਵੰਡਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵੀ ਪੀ ਸਿੰਘ ਨੇ ਕਿਹਾ ਕਿ ਇਸ ਔਖੇ ਵੇਲੇ ਵਿਚ ਸਾਨੂੰ ਇਹਨਾਂ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ ਜਿੰਨ੍ਹਾਂ ਕੋਲ ਰੋਜ਼ੀ ਰੋਟੀ ਲਈ ਘਰਾਂ ਵਿਚ ਰਾਸ਼ਨ ਤੱਕ ਮੁੱਕ ਚੁੱਕਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵਿੱਚ ਰਾਸ਼ਨ / ਖਾਣਾ ਵੰਡ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਓਹ ਆਪਣੇ ਫਿਰੋਜ਼ਪੁਰ ਵਾਸੀਆਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਵੀ ਪੀ ਸਿੰਘ ਨੇ ਆਖਿਆ ਕਿ ਓਹ ਹਰ ਉਸ ਨਾਗਰਿਕ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਲੋੜਵੰਦ ਹੈ।
ਇਸ ਮੌਕੇ ਵੀ ਪੀ ਸਿੰਘ ਦੇ ਨਾਲ ਰਾਜਪਾਲ ਸਿੰਘ, ਸਰਪੰਚ ਜਰਨੈਲ ਸਿੰਘ ਵਿਰਕ, ਬਲਜਿੰਦਰ ਸਿੰਘ, ਮਾਨ ਸਿੰਘ ਬੈਰਕਾਂ, ਮਹਿੰਦਰ ਸਿੰਘ ਵਿਰਕ, ਕੌਂਸਲਰ ਰਾਜੇਸ਼ ਕੁਮਾਰ ਨਿੰਦੀ, ਬਿੱਲਾ, ਮੇਜਰ ਸਿੰਘ ਰਹੀਮ ਕੇ, ਪਰਮਜੀਤ ਸਿੰਘ ਹਾਜ਼ੀ ਵਾਲਾ, ਅਮਨ ਮੈਣੀ, ਮੇਹਰਦੀਪ ਸਿੰਘ, ਕੁਲਵਿੰਦਰ ਸਿੱਧੂ ਆਦਿ ਸਮਾਜ ਸੇਵੀ ਹਾਜ਼ਿਰ ਸਨ।