- ਵਿਵਾਦਤ ਤੇ ਚਰਿੱਤਰਹੀਨ ਨਿਯੁਕਤੀਆਂ ਨੇ ਸਿੱਖੀ ਨੂੰ ਢਾਹ ਲਾਈ – ਰਵੀਇੰਦਰ ਸਿੰਘ
ਅੰਮ੍ਰਿਤਸਰ, 3 ਮਈ 2020 - ਅਕਾਲੀ – ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੌਜ਼ੂਦਾ ਬਣੇ ਸਿਆਸੀ ਹਲਾਤਾਂ 'ਚ ਹਲੇਮੀਂ ਰਾਜ ਦੀ ਵਕਾਲਤ ਕਰਦਿਆਂ ਕਿਹਾ ਕਿ ਅਜਿਹੀ ਹਕੂਮਤ ਹੋਂਦ ਵਿਚ ਆਉਣ ਨਾਲ ਜ਼ਬਰ ਦੀ ਕੋਈ ਥਾਂ ਨਹੀਂ ਹੋਵੇਗੀ। ਪੰਜਾਬ ਦੇ ਜ਼ਹੀਨ ਰਾਜਨੀਤੀਵਾਨ ਰਵੀਇੰਦਰ ਸਿੰਘ ਨੇ ਦੇਸ਼ ਦੇ ਸਿਆਸੀ ਹਲਾਤਾਂ ,ਖਾਸ ਕਰਕੇ ਪੰਜਾਬ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਸਿੱਖ ਸਟੇਟ ਹੈ।
ਪਰ ਇਥੇ ਬਾਦਲਾਂ ਸਿਆਸੀ ਇਜਾਰੇਦਾਰੀ ਕਾਇਮ ਕਰਦਿਆਂ ਸਿੱਖ ਪ੍ਰੰਪਰਾਵਾਂ ਹੀ ਇੱਕ ਪਾਸੇ ਕਰ ਦਿੱਤੀਆਂ ਜਿਥੇ ਛੇਵੀਂ ਪਾਤਸ਼ਾਹੀ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਲਾਗੂ ਕਰਕੇ ਧਰਮ ਨੂੰ ਰਾਜਨੀਤੀ ਦੇ ਉਪਰ ਰੱਖਿਆ ਸੀ । ਬਾਦਲਾਂ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ। ਅਖਬਾਰੀ ਖਬਰਾਂ ਦੇ ਹਵਾਲੇ ਨਾਲ ਉਨਾ ਬੜੇ ਅਫਸੋਸ ਭਰੇ ਸ਼ਬਦਾਂ ਚ ਕਿਹਾ ਕਿ ਬਾਦਲ ਦਲ ਦੇ ਸਾਬਕਾ ਮੰਤਰੀ, ਗੁਰਦਵਾਰਾ ਮੈਨੇਜਰ, ਧਾਰਮਿਕ ਸਖਸ਼ੀਅਤਾਂ ਤੇ ਸੰਗੀਨ ਦੋਸ਼ ਸਾਹਮਣੇ ਆਏ ਹਨ, ਅਜਿਹੇ ਵਿਵਾਦਤ ਵਿਅਕਤੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਹਨ ਜੋ ਸਮਾਂ ਪਾ ਕੇ ਮੁੜ ਅਹਿਮ ਥਾਂਵਾਂ ਤੇ ਤਾਇਨਾਤ ਹੋ ਜਾਂਦੇ ਹਨ।
ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਜ਼ੁੰਮੇਵਾਰ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੁਕੱਦਸ ਸਿੱਖ ਸੰਗਠਨ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ,ਦਿੱਲੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦਾ ਕੰਟਰੋਲ ੳੇੁਕਤ ਪਰਿਵਾਰ ਕੋਲ ਹੈ।ਉਨਾ ਹਲੇਮੀਂ ਰਾਜ ਲਈ ਹਮ-ਖਿਆਲੀ ਪਾਰਟੀਆਂ ਨੂੰ ਇੱਕ ਮੰਚ ਤੇ ਇੱਕਠੇ ਹੋਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਥ ਨੂੰ ਲੀਹ ਤੇ ਲਿਆਉਣ ਲਈ ਸਾਂਝਾ ਫਰੰਟ ਬਣਾਇਆ ਜਾਵੇ ਤਾਂ ਜੋ ਵੰਸ਼ਵਾਦ ਖਤਮ ਕਰਕੇ ,ਮੁੜ ਸਿੱਖ ਮਰਯਾਦਾ ਬਹਾਲ ਕੀਤੀ ਜਾ ਸਕੇ ।
ਉਨ੍ਹਾਂ ਜ਼ੋਰ ਦਿੱਤਾ ਕਿ ਗੁਰਧਾਮਾਂ ਦੇ ਮੈਨੇਜਰ,ਉਚ ਧਾਰਮਿਕ ਅਹੁਦਿਆਂ ਤੇ ਉਚੇ ਤੇ ਸੁੱਚੇ ਮਜ਼ਬੂਤ ਕਿਰਦਾਰ ਵਾਲੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਅਤੇ ਸਿਆਸੀ ਦਖਲ ਅਣਡਿੱਠ ਕਰਨ ਦੀ ਜੁਅਰਤ ਕੀਤੀ ਜਾਵੇ, ਤਾਂ ਜੋ ਚੰਗਾ ਇਤਿਹਾਸ ਬਣਿਆ ਰਹੇ।ਸ. ਰਵੀਇੰਦਰ ਸਿੰਘ ਨੇ ਜਮਹੂਰੀ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਬਾਰੇ ਵੀ ਸੰਖੇਪ 'ਚ ਪ੍ਰੈਸ- ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਆਸਤ ਇਕ ਮਿਸ਼ਨ ਹੈ ਪਰ ਅੱਜ ਦੇ ਹਾਕਮਾਂ ਵੱਲੋਂ ਰਾਜਨੀਤੀ ਨੂੰ ਵੀ ਸਨਅਤ ਬਣਾਉਣ ਨਾਲ ਹੁਣ ਇਥੇ ਨਿਵੇਸ਼ ਹੋਣ ਲਗ ਪਿਆ ਹੈ। ਸਿਆਸਤ ਦਾ ਵਪਾਰੀ ਤੇ ਅਪਰਾਧੀ ਕਰਨ ਹੋਣ ਨਾਲ ,ਸਤਾਧਾਰੀਆਂ ਦੀ ਸੋਚ ਗੈਰ-ਮਿਸ਼ਨਰੀ ਹੋ ਗਈ ਹੈ। ਪਰ ਹਲੇਮੀਂ ਰਾਜ ਦਇਆ ਦਾ ਸਮੁੰਦਰ, ਰਿਜ਼ਕ ਦਾ ਭੰਡਾਰ ਪਰ ਲੋਟੂ ਟੋਲਿਆਂ ਤੇ ਜ਼ਰਵਾਣਿਆਂ ਦਾ ਪਤਨ ਹੈ। ਇਸ ਲਈ ਹਲੇਮੀਂ ਰਾਜ ਮੌਜੂਦਾ ਹਲਾਤਾਂ 'ਚ ਸਮੇਂ ਦੀ ਲੋੜ ਹੈ।