ਅਸ਼ੋਕ ਵਰਮਾ
ਮਾਨਸਾ, 13 ਮਈ 2020 - ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ(ਏਕਟੂ) ਦੇ ਸੱਦੇ 'ਤੇ ਕਿਰਤ ਕਾਨੂੰਨਾਂ 'ਚ ਮਜਦੂਰ ਵਿਰੋਧੀ ਕੰਮ ਦੇ ਘੰਟੇ ਵਧਾਉਣ ਦੀ ਸੋਧ ਰੱਦ ਕਰ ਕੰਮ ਦਿਹਾੜੀ 6 ਘੰਟੇ ਕਰਾਏ ਜਾਣ, ਉਜਰਤਾਂ 'ਚ ਵਾਧਾ ਕਰਾਉਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ, ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਤੇ ਮੁਫਤ ਘਰ ਪੁਹੰਚਾਏ ਜਾਣ ਦੀ ਗਾਰੰਟੀ ਕੀਤੇ ਜਾਣ, ਮਿੱਡ ਡੇ ਮੀਲ ਵਰਕਰਜ਼, ਆਂਗਣਵਾੜੀ, ਆਸ਼ਾ ਤੇ ਹੋਰ ਸਕੀਮ ਵਰਕਰਾਂ ਦੀਆਂ ਤਨਖਾਹਾਂ ਵਾਧੇ ਸਮੇਤ ਤੁਰੰਤ ਜਾਰੀ ਕਰਵਾਉਣ ,ਪਾਰਦਰਸ਼ੀ ਢੰਗ ਨਾਲ ਰਾਸ਼ਨ ਵੰਡੇ ਜਾਣ , ਮਜਦੂਰਾਂ ਦੇ ਖਾਤਿਆਂ ਚ ਦਸ ਦਸ ਹਜ਼ਾਰ ਰੁਪਏ ਪਾਉਣ ਅਤੇ ਉਸਾਰੀ ਮਜਦੂਰਾਂ ਦੀ ਰਜਿਸਟ੍ਰੇਸ਼ਨ ਨਵੇਂ ਸਿਰੇ ਤੋਂ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਏਕਟੂ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ,ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਮਿੱਡ ਡੇ ਮੀਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸ਼ਿੰਦਰਪਾਲ ਸਿੰਘ ਅਤੇ ਦੋਧੀ ਯੂਨੀਅਨ ਦੇ ਸੂਬਾ ਸਕੱਤਰ ਸੱਤਪਾਲ ਸਿੰਘ ਨੇ ਕਿਹਾ ਕਿ ਲਾਕਡਾਊਨ ਦੌਰਾਨ ਸਰਕਾਰਾਂ ਮਜਦੂਰ ਵਿਰੋਧੀ ਤੇ ਸਰਮਾਏਦਾਰਾਂ ਦੇ ਪੱਖੀ ਨੋਟੀਫਿਕੇਸ਼ਨ ਜਾਰੀ ਕਰ ਰਹੀਆਂ ਹਨ ਜੋਕਿ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਖਾਤਮੇ ਲਈ ਕੰਮ ਦੇ ਘੰਟੇ ਵਧਾਉਣ ਦੀ ਬਜਾਏ ਕੰਮ ਦੇ ਘੰਟੇ 6ਕਰਨ ਅਤੇ ਆਸ਼ਾ ਵਰਕਰਾਂ ਮਿੱਡ ਡੇ ਮੀਲ ਵਰਕਰਜ ਤੇ ਹੋਰ ਕਾਮਿਆਂ ਨੂੰ ਲੋੜੀਂਦਾ ਸਾਜੋ ਸਮਾਨ ਤੇ ਤਨਖਾਹਾਂ ਵਧਾਉਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲਾਕਡਾਊਨ ਚ ਵਾਧਾ ਤੇ ਵਾਧਾ ਕਰ ਰਹੀਆਂ ਹਨ ਪਰ ਅਜੇ ਤੱਕ ਗਰੀਬਾਂ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਚ ਫੇਲ ਸਾਬਿਤ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਚੌਥਾ ਲਾਕਡਾਊਨ ਵੀ ਹੋਮਵਰਕ ਪੂਰਾ ਕੀਤੇ ਤੋਂ ਬਗੈਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁਸ਼ਕਿਲਾਂ ਦੇ ਬਾਵਜੂਦ ਸੰਘਰਸ਼ੀ ਧਿਰਾਂ ਲੋਕਾਂ ਦੀ ਜਿੰਦਗੀ ਨਾਲ ਜੁੜੇ ਸੁਆਲਾਂ ਤੇ ਆਪਣੀ ਆਵਾਜ ਬੁਲੰਦ ਕਰਦੀਆਂ ਰਹਿਣਗੀਆਂ।