ਮਿੱਤਰ ਸੈਨ ਸ਼ਰਮਾ
ਮਾਨਸਾ 01 ਜੂਨ 2020: ਥਾਣਾ ਸਿਟੀ–1 ਮਾਨਸਾ ਦੀ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਸ਼ੱਕੀ ਦੇਸੀ ਘੀ ਬਰਾਮਦ ਕਰਕੇ ਕੰਪਨੀ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ–1 ਮਾਨਸਾ ਦੀ ਪੁਲਿਸ ਨੇ ਮਿਲੀ ਮੁਖ਼ਬਰੀ ਦੇ ਆਧਾਰ 'ਤੇ ਸਥਾਨਕ ਰਾਮਦਿੱਤਾ ਚੌਂਕ ਲਾਗੇ ਖੜ੍ਹ੍ਹੀ ਇੱਕ ਮਾਰੂਤੀ ਵੈਨ ਨੰ: ਐੱਚ.ਆਰ.48ਸੀ–6928 ਦੀ ਚੈਕਿੰਗ ਕੀਤੀ, ਜਿਸ ਦੌਰਾਨ ਪੁਲਿਸ ਨੂੰ ਦੇਸੀ ਘਿਓ ਦੀਆਂ ਵੱਖ–ਵੱਖ ਵਜ਼ਨ ਦੀਆਂ ਪੈਕਿੰਗਾਂ, ਜਿਸ ਦਾ ਕੁੱਲ ਵਜ਼ਨ 375 ਲੀਟਰ ਸੀ, ਬਰਾਮਦ ਹੋਈਆਂ। ਜਿਸ 'ਤੇ ਪੁਲਿਸ ਵੱਲੋਂ ਮਿਲੀ ਸੂਚਨਾ 'ਤੇ ਅੰਮ੍ਰਿਤਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਫੂਡ ਸੇਫ਼ਟੀ ਇੰਸਪੈਕਟਰ ਸੰਦੀਪ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਹਿੱਤ ਉਕਤ ਘਿਓ ਦੇ ਸੈਂਪਲ ਲੈ ਕੇ ਬਾਕੀ ਦਾ ਘਿਓ ਆਪਣੇ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਮੌਕੇ 'ਤੇ ਵੈਨ ਚਾਲਕ ਸੁਨੀਲ ਕੁਮਾਰ ਅਤੇ ਉਸ ਦੇ ਸਾਥੀ ਬੰਸੀ ਲਾਲ ਵਾਸੀਆਨ ਫਤਿਆਬਾਦ ਵੱਲੋਂ ਕੀਤੀ ਗਈ ਪੁੱਛ–ਪੜਤਾਲ 'ਤੇ ਉਕਤ ਦੇਸੀ ਘਿਓ ਬਨਾਉਣ ਵਾਲੀ ਕੰਪਨੀ 'ਸ਼੍ਰੀ ਹਨੁਮਤ ਟ੍ਰੇਡਿੰਗ ਕੰਪਨੀ' ਦੇ ਮਾਲਕ ਦੇ ਵਿਰੁੱਧ ਧਾਰਾ 420, 272,273 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਿਓ ਫਤਿਆਬਾਦ ਸਥਿਤ ਉਕਤ ਕੰਪਨੀ ਤੋਂ ਰਾਹੁਲ ਟ੍ਰੇਡਿੰਗ ਬਰਨਾਲਾ ਵਿਖੇ ਲੈ ਕੇ ਜਾਣਾ ਸੀ।