ਫਿਰੋਜ਼ਪੁਰ, 23 ਅਪ੍ਰੈਲ 2020 : ਪੁਲਿਸ ਅਤੇ ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਤਲਵੰਡੀ ਭਾਈ ਦੇ ਇਕ ਕਰਿਆਨਾ ਵਿਕਰੇਤਾ ਨੂੰ ਗਾਹਕ ਤੋਂ ਕਰਿਆਨੇ ਦਾ ਵੱਧ ਰੇਟ ਵਸੂਲੇ ਜਾਣ 'ਤੇ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਲਵੰਡੀ ਭਾਈ ਨੇ ਹੈਲਪ ਲਾਈਨ 'ਤੇ ਸ਼ਿਕਾਇਤ ਕਰਦੇ ਹੋਏ ਇੱਥੇ ਆਰੇ ਵਾਲੀ ਗਲੀ 'ਚ ਸਥਿਤ ਇਕ ਕਰਿਆਨਾ ਦੁਕਾਨਦਾਰ 'ਤੇ ਕਰਫ਼ਿਊ ਦੀ ਆੜ ਹੇਠ ਕਰਿਆਨੇ ਦਾ ਵੱਧ ਰੇਟ ਵਸੂਲਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਦੇ ਚੱਲਦਿਆਂ ਥਾਣਾ ਤਲਵੰਡੀ ਭਾਈ ਦੇ ਮੁਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਵੱਲੋਂ ਉਕਤ ਕਰਿਆਨਾ ਸਟੋਰ 'ਤੇ ਪੁੱਜ ਕੇ ਛਾਣਬੀਣ ਕੀਤੀ ਗਈ।
ਥਾਣਾ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਾਬਤ ਹੋ ਗਏ ਹਨ। ਇਸ ਮੌਕੇ 'ਤੇ ਨਿਯਮਾਂ ਮੁਤਾਬਿਕ ਦੁਕਾਨਦਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਜੋ ਮੌਕੇ 'ਤੇ ਹੀ ਲੀਗਲ ਮੈਟਰੋਲੋਜੀ ਵਿਭਾਗ ਖਾਤੇ ਜਮ੍ਹਾ ਕਰਵਾਇਆ ਗਿਆ ਅਤੇ ਦੁਕਾਨਦਾਰ ਨੂੰ ਅੱਗੇ ਤੋਂ ਗਾਹਕਾਂ ਤੋਂ ਵੱਧ ਰੇਟ ਨਾ ਵਸੂਲਣ ਦੀ ਹਦਾਇਤ ਕੀਤੀ ਗਈ ਹੈ।