ਰਜਨੀਸ਼ ਸਰੀਨ
- ਆਲੂਆਂ ਦੀ ਪੁਟਾਈ ਅਤੇ ਮਸਰ ਤੇ ਸਰੋਂ ਦੀ ਕਟਾਈ ਦੀ ਆਗਿਆ ਐਤਵਾਰ ਤੋਂ
- ਦੋਵੇਂ ਮਨਜੂਰੀਆਂ ’ਤੇ ਲਾਗੂ ਹੋਣਗੀਆਂ ਕੋਵਿਡ-19 ਪ੍ਰੋਟੋਕਾਲ ਸ਼ਰਤਾਂ
ਨਵਾਂਸ਼ਹਿਰ, 27 ਮਾਰਚ 2020 - ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਦੇ ਲੋਕਾਂ ਦੀਆਂ ਵਿੱਤੀ ਮੁਸ਼ਕਿਲਾਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਕਟਾਈ ਸਬੰਧੀ ਮੰਗਾਂ ਨੂੰ ਦੇਖਦਿਆਂ ਸ਼ਨਿੱਚਰਵਾਰ ਤੋਂ 8 ਤੋਂ 11 ਵਜੇ ਤੱਕ ਏ ਟੀ ਐਮ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਆਲੂਆਂ ਦੀ ਪੁਟਾਈ ਅਤੇ ਮਸਰ ਤੇ ਸਰੋਂ ਦੀ ਕਟਾਈ ਦੀ ਆਗਿਆਂ ਐਤਵਾਰ ਤੋਂ ਹੋਵੇਗੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕਾਂ ਨੂੰ ਏ ਟੀ ਐਮ ਖੋਲ੍ਹਣ ਲਈ ਕੋਵਿਡ-19 ਪ੍ਰੋਟੋਕਾਲ ਤਹਿਤ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਜਿਸ ਤਹਿਤ ਏ ਟੀ ਐਮ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਵਾਸਤੇ ਉੱਥੇ ਮੌਜੂਦ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗੀ ਅਤੇ ਇਸ ਗੱਲ ਨੂੰ ਏ ਟੀ ਐਮ ’ਤੇ ਤਾਇਨਾਤ ਬੈਂਕ ਗਾਰਡ ਯਕੀਨੀ ਬਣਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਆਲੂਆਂ ਦੀ ਪੁਟਾਈ ਅਤੇ ਪੁਟਾਈ ਤੋਂ ਬਾਅਦ ਕੋਲਡ ਸਟੋਰੇਜ ਤੱਕ ਲਿਜਾਣ ਦੀ ਕੀਤੀ ਮੰਗ ’ਤੇ ਹਮਦਰਦੀ ਨਾਲ ਗੌਰ ਕਰਦਿਆਂ, ਪੁਟਾਈ ਲਈ ਵੱਧ ਤੋਂ ਵੱਧ 10 ਬੰਦੇ, ਉਹ ਵੀ ਘੱਟ ਤੋਂ ਘੱਟ ਡੇਢ-ਦੋ ਮੀਟਰ ਦੀ ਦੂਰੀ ਤੇ ਕੰਮ ਕਰਨਗੇ, ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਕਿਸਾਨ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਆਲੂ ਪੁਟਾਈ ਕਰਨ ਵਾਲੀ ਲੇਬਰ ਦੀ ਸਿਹਤ ਸੁਰੱਖਿਆ ਨੂੰ ਕੋਵਿਡ-19 ਪ੍ਰੋਟੋਕਾਲ ਮੁਤਾਬਕ ਧਿਆਨ ’ਚ ਰੱਖਿਆ ਜਾਵੇਗਾ। ਇਸੇ ਤਰ੍ਹਾਂ ਮਸਰ ਅਤੇ ਸਰੋਂ ਦੀ ਕਟਾਈ ਦੀ ਆਗਿਆ ਵੀ ਕਿਸਾਨਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਲੋੜੀਂਦੇ ਮਨਜੂਰੀ ਪਾਸ ਬਾਗਬਾਨੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਜਾਰੀ ਕਰੇਗਾ।