ਸੰਜੀਵ ਸੂਦ
ਲੁਧਿਆਣਾ, 24 ਅਪ੍ਰੈਲ 2020 - ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾਂਦੇ ਨੇ ਪਰ ਇਸ ਵਾਰ ਕੋਵਿਡ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਕੀਤਾ ਜਾਵੇ ਜਿਸ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਸਰਘੀ ਅਤੇ ਅਫਤਾਰੀ ਦੇ ਮੁਤਾਬਕ ਮਸਜਿਦਾਂ ਤੱਕ ਜਾਂ ਸਬੰਧਤ ਇਲਾਕਿਆਂ ਤੱਕ ਫਲ ਸਬਜ਼ੀਆਂ ਆਦਿ ਸਪਲਾਈ ਕੀਤੀ ਜਾਣ।
ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਆਜ਼ਾਨ ਅਦਾ ਕਰਨ ਦੀ ਵੀ ਆਗਿਆ ਦੇਵੇ, ਕਿਉਂਕਿ ਆਜ਼ਾਨ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਜਿਨ੍ਹਾਂ ਲੋਕਾਂ ਨੇ ਰੋਜ਼ੇ ਰੱਖੇ ਨੇ ਉਨ੍ਹਾਂ ਤੱਕ ਖੁਦਾ ਦਾ ਪੈਗ਼ਾਮ ਜਾ ਸਕੇ, ਨਾਲ ਹੀ ਉਨ੍ਹਾਂ ਵੀ ਕਿਹਾ ਕਿ ਸਮਾਂ ਘੱਟ ਹੈ ਇਸ ਮੁਤਾਬਕ ਪ੍ਰਸ਼ਾਸਨ ਮਸਜਿਦਾਂ ਜਾਂ ਸਬੰਧਤ ਇਲਾਕਿਆਂ ਦੇ ਵਿੱਚ ਜਿੱਥੇ ਲੋਕ ਰੋਜ਼ੇ ਰੱਖਦੇ ਨੇ ਉੱਥੇ ਫਲ ਸਬਜ਼ੀਆਂ ਮੁਹੱਈਆ ਕਰਵਾਏ ਤਾਂ ਜੋ ਉਹ ਆਪਣੀ ਲੋੜ ਮੁਤਾਬਕ ਖਰੀਦ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਰੋਨਾ ਖਿਲਾਫ ਜੋ ਜੰਗ ਲੜ ਰਹੇ ਨੇ ਮੁਸਲਿਮ ਭਾਈਚਾਰਾ ਵੀ ਇਸ ਜੰਗ 'ਚ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਬਣੇ ਜੋ ਕਰੋਨਾ ਤੋਂ ਮੁਕਤ ਹੋਵੇ।