ਸਾਰੀਆਂ ਸਹਿਕਾਰੀ ਖੰਡ ਮਿੱਲਾਂ ਨੂੰ 2500 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ 'ਤੇ ਖੰਡ ਦੇਣ ਲਈ ਦਿੱਤੀਆਂ ਹਦਾਇਤਾਂ: ਅਮਰੀਕ ਸਿੰਘ ਆਲੀਵਾਲ
ਚੰਡੀਗੜ੍ਹ, 31 ਮਾਰਚ 2020: ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਗੰਨਾ ਉਤਪਾਦਕ ਕਿਸਾਨਾਂ ਨੂੰ ਇਕ ਰਾਹਤ ਦਿੰਦਿਆਂ ਰਿਆਇਤੀ ਦਰਾਂ ਉਤੇ ਖੰਡ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੂਗਰਫੈਡ ਪੰਜਾਬ ਵੱਲੋਂ ਸੂਬੇ ਦੀਆਂ ਸਾਰੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੰਨਾ ਉਤਪਾਦਕਾਂ ਨੂੰ ਰਿਆਇਤ ਕੀਮਤ ਉਤੇ ਖੰਡ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੁਰੰਤ ਜਾਰੀ ਕੀਤੀ ਜਾਵੇ।
ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ 'ਤੇ ਸੂਬੇ ਵਿੱਚ ਸਥਿਤ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਉਨ੍ਹਾਂ ਗੰਨਾ ਉਤਪਾਦਕਾਂ ਨੂੰ ਇਹ ਰਿਆਇਤੀ ਕੀਮਤ ਉਤੇ ਖੰਡ ਦਿੱਤੀ ਜਾਵੇਗੀ ਜਿਹੜੇ ਸਬੰਧਤ ਸਹਿਕਾਰੀ ਖੰਡ ਮਿੱਲ ਨੂੰ ਗੰਨੇ ਦੀ ਸਪਲਾਈ ਕਰਦੇ ਹਨ। ਉਨ੍ਹਾਂ ਕਿਹਾ ਕਿ 100 ਕੁਇੰਟਲ ਗੰਨੇ ਦੀ ਸਪਲਾਈ ਬਦਲੇ ਕਿਸਾਨ ਨੂੰ 20 ਕਿਲੋ ਖੰਡ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਖੰਡ ਦੀ ਕੀਮਤ ਗੰਨਾ ਉਤਪਾਦਕਾਂ ਦੀਆਂ ਗੰਨੇ ਬਦਲੇ ਬਾਕਾਇਆ ਪਈਆਂ ਅਦਾਇਗੀਆਂ ਵਿੱਚ ਐਡਜਸਟ ਕਰ ਦਿੱਤੀ ਜਾਵੇ।
ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਸਰਕਾਰ ਵੱਲੋਂ ਲਿਆ ਇਹ ਫੈਸਲਾ ਜਿੱਥੇ ਕਿਸਾਨਾਂ ਨੂੰ ਘਰੇਲੂ ਵਰਤੋਂ ਲਈ ਬਜ਼ਾਰੀ ਕੀਮਤਾਂ ਤੋਂ ਘੱਟ ਸਸਤੀ ਦਰ ਉਤੇ ਖੰਡ ਮਿਲੇਗੀ ਉਥੇ ਉਹ ਆਉਣ ਵਾਲੇ ਵਾਢੀ ਸੀਜ਼ਨ ਦੌਰਾਨ ਕੰਮ ਵਿੱਚ ਜੁੱਟਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਵੀ ਮੱਦਦ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਸ਼ੂਗਰਫੈਡ ਵੱਲੋਂ ਅੱਜ ਸਾਰੇ ਜਨਰਲ ਮੈਨੇਜਰਾਂ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਲਈ ਹਦਾਇਤਾਂ ਜਾਰੀ ਹੋ ਗਈਆਂ ਹਨ।