ਫਿਰੋਜ਼ਪੁਰ, 19 ਅਪ੍ਰੈਲ 2020 : ਕੋਵਿਡ 19 ਕਰੋਨਾ ਵਾਇਰਸ ਨਾਲ ਪੰਜਾਬ ਦੇ ਸਰਕਾਰੀ ਅਧਿਆਪਕਾਂ ਸ਼ੋਸਲ ਮੀਡੀਆ ਦੇ ਸਹਿਯੋਗ ਨਾਲ ਘਰ ਬੈਠੇ ਹੀ ਵਿਦਿਆਰਥੀਆਂ ਤੱਕ ਪਹੁੰਚ ਕਰਦੇ ਹੋਏ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਮਾਹਿਰ ਤੇ ਵਿਸ਼ੇ ਵਿਚ ਨਿਪੁੰਨ ਅਧਿਆਪਕਾਂ ਵੱਲੋਂ ਤਿਆਰ ਕੀਤੇ ਪਾਠ ਆਕਾਸ਼ਵਾਣੀ ਰੇਡੀਓ, ਦੋਆਬਾ ਰੇਡੀਓ ਤੇ ਟੀਵੀ ਚੈਨਲ ਉੱਪਰ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਅਧਿਆਪਕਾਂ ਵੱਲੋਂ ਵੀ ਰੇਡੀਓ, ਯੂ ਟਿਊਬ ਤੇ ਵਟਸ ਐਪ ਦੁਆਰਾ ਲਗਾਤਾਰ ਬੱਚਿਆਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਤੇ ਬੱਚਿਆਂ ਵੱਲੋਂ ਵੀ ਆਪਣਾ ਕੰਮ ਕਰਕੇ ਅਧਿਆਪਕਾ ਨੂੰ ਭੇਜਿਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ੳੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਮਹਿੰਦਰ ਸ਼ੈਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 10 ਮਈ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।
ਜਿਸ ਦੇ ਚੱਲਦਿਆਂ ਸਰਕਾਰੀ ਅਧਿਆਪਕ ਆਨ ਲਾਈਨ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਅਧਿਆਪਕ ਜਿੱਥੇ ਮੋਬਾਇਲ ਜ਼ੂਮ ਐਪ, ਵਟਸ ਐਪ ਅਤੇ ਬੱਚਿਆਂ ਨੂੰ ਪੀਡੀਐੱਫ ਫਾਇਲਾਂ ਭੇਜ ਕੇ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂਬਰੂ ਹੋ ਰਹੇ ਹਨ, ਉੱਥੇ ਯੂ-ਟਿਊਬ ਰਾਹੀਂ ਵੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਹਿਲ ਕਦਮੀ ਵਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਖ ਵੱਖ ਵਿਸ਼ਿਆਂ ਦੇ ਪਾਠ ਤਿਆਰ ਕਰਕੇ ਭੇਜੇ ਜਾ ਰਹੇ ਹਨ ਜੋ ਕਿ ਬੱਚਿਆ ਲਈ ਜੜ੍ਹੀ ਬੂਟੀ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ੳੁੱਚ ਅਧਿਕਾਰੀਆਂ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਸਿੱਖਿਆ ਅਧਿਅਕਾਰੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਅਧਿਆਪਕ ਸਾਹਿਬਾਨ ਨਾਲ ਵੀਡਿਓ ਕਾਨਫਰੰਸ ਕਰਕੇ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾ ਵੱਲੋਂ ਵਿਖਾਈ ਜਾ ਰਹੀ ਇਹ ਪਹਿਲ ਕਦਮੀ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਣ ਲਈ ਘਰ ਵਿੱਚ ਰਹਿ ਕੇ ਪੜ੍ਹਾਈ ਕਰਨ ਲਈ ਕਿਹਾ।