ਪਾਰਟੀ ਲਾਕ ਡਾਊਨ ਅਰਸੇ ਦੇ ਘਰੇਲੂ ਤੇ ਇੰਡਸਟਰੀ ਦੇ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਕਰੇਗੀ
ਪਾਰਟੀ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਦੇ ਬਕਾਏ ਜਾਰੀ ਕਰਨ ਵੀ ਮੰਗ ਕਰੇਗੀ
ਪਾਰਟੀ ਕਾਂਗਰਸੀਆਂ ਦੇ ਕਹਿਣ 'ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਦੀ ਵੀ ਮੰਗ ਕਰੇਗੀ
ਚੰਡੀਗੜ, 13 ਜੂਨ 2020: ਸ਼੍ਰੋਮਣੀ ਅਕਾਲੀ ਦਲ 18 ਜੂਨ ਨੂੰ ਸਾਰੇ ਸੂਬੇ ਵਿਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸ਼ਰਾਬ, ਬੀਜ ਤੇ ਰਾਸ਼ਨ ਘੁਟਾਲਿਆਂ ਲਈ ਜ਼ਿੰਮੇਵਾਰ ਕਾਂਗਰਸੀਆਂ ਖਿਲਾਫ ਕਾਰਵਾਈ ਦੀ ਮੰਗ ਕਰੇਗਾ ਤੇ ਇਸ ਤੋਂ ਇਲਾਵਾ ਲਾਕ ਡਾਊਨ ਦੇ ਅਰਸੇ ਦੌਰਾਨ ਦੇ ਘਰੇਲੂ ਤੇ ਇੰਡਸਟਰੀ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕਰਨ, ਕਿਸਾਨਾਂ ਦੇ ਗੰਨੇ ਦੇ ਬਕਾਏ ਜਾਰੀ ਕਰਨ, ਲੇਬਰ ਕੀਮਤਾਂ ਵਿਚ ਵਾਧੇ ਬਦਲੇ ਕਿਸਾਨਾਂ ਨੂੰ ਸਿੱਧਾ ਮੁਆਵਜ਼ਾ ਦੇਣ ਤੇ ਕਾਂਗਰਸੀਆਂ ਦੇ ਇਸ਼ਾਰੇ 'ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਦੀ ਵੀ ਮੰਗ ਕਰੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਬਾਬਤ ਫੈਸਲਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਲੈਣ ਤੋਂ ਬਾਅਦ ਲਿਆ ਹੈ।
ਡਾ. ਚੀਮਾ ਨੇ ਕਿਹਾ ਕਿ ਲੋਕਾਂ ਵਿਚ ਇਸ ਗੱਲ ਦਾ ਰੋਸ ਵੱਧ ਰਿਹਾ ਹੈ ਕਿ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੇ ਮੁੱਖ ਸਰਗਨਾਵਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹਨਾਂ ਵਿਚ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦਾ ਪਰਿਵਾਰ ਵੀ ਸ਼ਾਮਲ ਹੈ ਕਿਉਂਕਿ ਉਹਨਾਂ ਦੀ ਮਲਕੀਅਤ ਵਾਲੀ ਖੰਡ ਮਿੱਲ ਵਿਚੋਂ ਦੋ ਟਰੱਕ ਨਜਾਇਜ਼ ਸ਼ਰਾਬ ਫੜੀ ਗਈ ਸੀ ਜਦਕਿ ਕਾਂਗਰਸੀ ਨੇਤਾ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਵੀ ਸ਼ਾਮਲ ਹਨ ਜੋ ਆਪਣੇ ਚਹੇਤਿਆਂ ਰਾਹੀਂ ਗੈਰ ਕਾਨੂੰਨ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਚਲਾ ਰਹੇ ਸਨ।ਪਾਰਟੀ ਨੇ ਇਹ ਵੀ ਕਿਹਾ ਕਿ ਸਰਕਾਰ ਛੋਟੀਆਂ ਮੱਛੀਆਂ ਨੂੰ ਫੜ ਕੇ 4 ਹਜ਼ਾਰ ਕਰੋੜ ਰੁਪਏ ਦੇ ਬੀਜ ਘੁਟਾਲੇ ਨੂੰ ਰਫਾ ਦਫਾ ਕਰਨ ਦਾ ਯਤਨ ਕਰ ਰਹੀ ਹੈ ਜਦਕਿ ਮੁੱਖ ਸਰਗਨਾ ਸਰ•ੇਆਮ ਖੁਲ•ੇ ਘੁੰਮ ਰਹੇ ਹਨ। ਪਾਰਟੀ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੀਜ ਘੁਟਾਲੇ ਵਿਚ ਭੂਮਿਕਾ ਦੀ ਜਾਂਚ ਹੋਦੀ ਚਾਹੀਦੀ ਹੈ ਤੇ ਕਿਹਾ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੋਂ ਨਿਰਪੱਖ ਜਾਂਚ ਕੀਤੀ ਜਾਵੇ।
ਡਾ. ਚੀਮਾ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ ਕਿ ਕਿਵੇਂ ਰਾਹਤ ਵਾਸਤੇ ਆਏ ਕੇਂਦਰੀ ਅਨਾਜ ਨੂੰ ਕਾਂਗਰਸੀਆਂ ਵੱਲ ਤੋਰਿਆ ਗਿਆ ਤੇ ਇਹ ਕਦੇ ਵੀ ਲਾਭ ਪਾਤਰਾਂ ਨੂੰ ਮਿਲਿਆ ਹੀ ਨਹੀਂ। ਪਾਰਟੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬੇ ਨੇ ਇਹਨਾਂ ਘੁਟਾਲਿਆਂ ਵਿਚ ਹਜ਼ਾਰਾਂ ਕਰੋੜ ਰੁਪਏ ਗੁਆ ਲਏ ਤੇ ਇਸਦੇ ਬਾਵਜੂਦ ਸਰਕਾਰ ਨੇ 673 ਕਰੋੜ ਰੁਪਏ ਸ਼ਰਾਬ ਦੇ ਠੇਕੇਦਾਰਾਂ ਤੇ 150 ਕਰੋੜ ਰੁਪਏ ਰੇਤ ਮਾਫੀਆ ਨੂੰ ਰਾਹਤ ਦੇ ਦਿੱਤੀ ਹੈ।
ਅਕਾਲੀ ਦਲ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕਾਂ ਦੇ 383 ਕਰੋੜ ਰੁਪਏ ਅਦਾ ਨਾ ਕਰਨ ਦੇ ਖਿਲਾਫ ਵੀ ਰੋਸ ਪ੍ਰਗਟ ਕਰੇਗਾ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਖੇਤੀਬਾੜੀ ਮੰਤਰਾਲਾ ਹੈ ਤੇ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਇਹ ਅਦਾਇਗੀ ਹੋ ਜਾਵੇ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਉਹਨਾਂ ਨੀਲੇ ਕਾਰਡਾਂ ਨੂੰ ਵੀ ਬਹਾਲ ਕੀਤੇ ਜਾਣ ਦੀ ਮੰਗ ਕਰੇਗੀ ਜੋ ਕਾਂਗਰਸੀ ਨੇਤਾਵਾਂ ਦੇ ਦਖਲ ਕਾਰਨ ਗਲਤ ਢੰਗ ਨਾਲ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਪਹਿਲਾਂ ਹੀ ਇਹਨਾਂ ਗਰੀਬਾਂ ਦੇ ਅਧਿਕਾਰਾਂ ਲਈ ਲੜ ਰਹੀ ਹੈ ਜਿਹਨਾਂ ਦੇ ਨਾਂ ਕੱਟੇ ਗਏ ਤੇ ਇਹ ਮਾਮਲਾ ਅਦਾਲਤ ਵਿਚ ਵੀ ਲਿਜਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਛੇਤੀ ਹੀ ਕਾਂਗਰਸ ਸਰਕਾਰ ਨੂੰ ਸਾਰੇ ਕਾਰਡ ਬਹਾਲ ਕਰਨ ਲਈ ਮਜਬੂਰ ਹੋਣਾ ਪਵੇਗਾ ਜੋ ਸੂਬੇ ਵਿਚ ਸਾਰੇ ਹਲਕਿਆਂ ਵਿਚ ਕੱਟੇ ਗਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਝੋਨੇ ਦੀ ਲੁਆਈ ਸਮੇਂ ਕਿਸਾਨਾਂ ਨੂੰ ਲੇਬਰ ਕੀਮਤਾਂ ਵਿਚ ਹੋਏ ਵਾਧੇ ਕਾਰਨ ਹੋਏ ਨੁਕਸਾਨ ਲਈ 3 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਦੇ ਨਾਲ ਨਾਲ ਇਹ ਵੀ ਮੰਗ ਕਰੇਗੀ ਕਿ ਰਾਜ ਸਰਕਾਰ ਲਾਕ ਡਾਊਨ ਦੇ ਅਰਸੇ ਦੇ ਸਾਰੇ ਬਿਜਲੀ, ਪਾਣੀ ਤੇ ਸੀਵਰੇਜ ਬਿੱਲਾਂ ਦੀ ਜ਼ਿੰਮੇਵਾਰੀ ਆਪ ਚੁੱਕੇ ਅਤੇ ਇਹਨਾਂ ਦੀ ਅਦਾਇਗੀ ਡਿਜ਼ਾਸਟਰ ਮੈਨੇਜਮੈਂਟ ਫੰਡ ਵਿਚੋਂ ਕਰੇ। ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਇੰਡਸਟਰੀ ਸੈਕਟਰ ਲਈ ਦੋ ਮਹੀਨੇ ਵਾਸਤੇ ਫਿਕਸ ਬਿਜਲੀ ਚਾਰਜਿਜ਼ ਮੁਆਫ ਕਰਨ ਦਾ ਆਪਣਾ ਵਾਅਦਾ ਪੂਰਾ ਕਰੇ।