ਨਗਰ ਕੌਂਸਲ ਵੱਲੋਂ ਸਫ਼ਾਈ ਸੇਵਕਾਂ ਦਾ ਸਨਮਾਨ, ਮਿਲੇਗਾ 12.50 ਲੱਖ ਦਾ ਬੀਮਾ ਕਵਰ
ਮੈਹਰ ਫਾਊਂਡੇਸ਼ਨ ਦੀ ਮਦਦ ਨਾਲ ਸਫਾਈ ਸੇਵਕਾਂ ਨੂੰ ਵਧੀਆ ਬੂਟ ਮਾਸਕ ਅਤੇ ਸੈਨੀਟਾਈਜ਼ਰ ਦੀ ਵੰਡ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 29 ਜੂਨ 2020: ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਮੂਹ ਸਫਾਈ ਸੇਵਕ ਪਹਿਲੀ ਕਤਾਰ ਦੇ ਯੋਧੇ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਮਹਾਂਮਾਰੀ ਦੀ ਰੋਕਥਾਮ ਲਈ ਚਲਾਏ ਗਏ ਮਿਸ਼ਨ ਫ਼ਤਿਹ ਦੀ ਕਾਮਯਾਬੀ ਵਿਚ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ। ਸਫਾਈ ਸੇਵਕਾਂ ਦੇ ਇਸ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਪ੍ਰਗਟਾਵਾ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਨਗਰ ਕਾਸਲ ਫ਼ਰੀਦਕੋਟ ਵਿਖੇ ਸਫ਼ਾਈ ਸੇਵਕਾਂ ਦਾ ਸਨਮਾਨ ਕਰਨ ਮੌਕੇ ਪ੍ਰਗਟ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਐਡਵੋਕੇਟ ਲਲਿਤ ਮੋਹਣ ਗੁਪਤਾ ਵੀ ਹਾਜ਼ਰ ਸਨ।
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਣ ਜਿੱਥੇ ਲੋਕਾਂ ਦਾ ਘਰਾਂ ਤੋਂ ਬਾਹਰ ਜਾਣਾ ਬੰਦ ਹੋਇਆ ਹੈ ਅਤੇ ਇਸ ਲਈ ਸਾਨੂੰ ਕਾਫੀ ਸਾਵਧਾਨੀਆਂ ਵਰਤਣੀਆਂ ਪੈ ਰਹੀਆਂ ਹਨ ਪਰ ਇਸ ਮੁਸ਼ਕਲ ਦੇ ਦੌਰ ਵਿੱਚ ਵੀ ਸਮੁੱਚੇ ਸਫ਼ਾਈ ਸੇਵਕ ਸ਼ਹਿਰ ਵਿੱਚ ਸਫ਼ਾਈ ਦਾ ਖਿਆਲ ਰੱਖ ਕੇ, ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਇਹ ਸਫ਼ਾਈ ਸੇਵਕ ਸਾਡੇ ਅਸਲ ਹੀਰੋ ਅਤੇ ਕਰੋਨਾ ਯੋਧੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਅੱਜ ਨਗਰ ਕੌਂਸਲ ਫਰੀਦਕੋਟ ਦੇ ਇਨ੍ਹਾਂ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਸਮੂਹ ਸਫ਼ਾਈ ਸੇਵਕਾਂ ਦਾ 12.50 ਲੱਖ ਦੀ ਰਾਸ਼ੀ ਦਾ ਬੀਮਾ ਕਵਰ ਵੀ ਦਿੱਤਾ ਗਿਆ ਹੈ। ਇਸ ਮੌਕੇ ਸਫ਼ਾਈ ਕਰਮਚਾਰੀਆਂ ਵੱਲੋਂ ਆਰਾ ਕਾਲੋਨੀ ਵਿਖੇ ਧਰਮਸ਼ਾਲਾ ਲਈ ਸ਼ੈੱਡ ਬਣਾਉਣ ਦੀ ਰੱਖੀ ਗਈ ਮੰਗ ਨੂੰ ਤੁਰੰਤ ਪ੍ਰਵਾਨ ਕਰਦਿਆਂ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਧਰਮਸ਼ਾਲਾ ਲਈ ਸ਼ੈੱਡ ਬਣਾਉਣ ਲਈ ਤੁਰੰਤ ਕਾਰਵਾਈ ਆਰੰਭੀ ਜਾਵੇ। ਇਸ ਮੌਕੇ ਉਨ੍ਹਾਂ ਮੈਹਰ ਫਾਊਂਡੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ਸਮੂਹ ਸਫਾਈ ਸੇਵਕਾਂ ਨੂੰ ਵਧੀਆ ਬਰਾਂਡ ਦੇ ਬੂਟ, ਮਾਸਕ ਅਤੇ ਸੈਨੇਟਾਈਜ਼ਰ ਵੀ ਤਕਸੀਮ ਕੀਤੇ। ਉਨ੍ਹਾਂ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ।
ਇਸ ਮੌਕੇ ਫਾਊਂਡੇਸ਼ਨ ਦੇ ਡਾਇਰੈਕਟਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਬੂਟ, ਮਾਸਕ ਆਦਿ ਵੰਡ ਕੇ ਉਨ੍ਹਾਂ ਦਾ ਬਣਦਾ ਮਾਣ ਆਦਰ ਅਤੇ ਧੰਨਵਾਦ ਵੀ ਕੀਤਾ ਕਿਉਂਕਿ ਉਹ ਇਸ ਲਾਇਲਾਜ ਬਿਮਾਰੀ ਦੌਰਾਨ ਆਪਣੀਆਂ ਡਿਊਟੀਆਂ ਵਧੀਆ ਤਰੀਕੇ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਵੱਲੋਂ ਸਿਹਤਮੰਦ ਫ਼ਰੀਦਕੋਟ ਤਹਿਤ ਕੈਂਸਰ ਦੀ ਰੋਕਥਾਮ ਲਈ ਕੈਂਪ ਲਗਾਏ ਗਏ ਹਨ ਜਿਸ ਵਿਚ ਲੋਕਾਂ ਦੇ ਮੁਫ਼ਤ ਟੈਸਟ, ਦਵਾਈਆਂ ਅਤੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕੀਤਾ ਗਿਆ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਅੰਮ੍ਰਿਤ ਲਾਲ, ਸੈਕਸ਼ਨ ਅਫ਼ਸਰ ਸ੍ਰੀ ਰਾਕੇਸ਼ ਕੰਬੋਜ, ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਸ੍ਰੀ ਸੰਤ ਰਾਮ, ਪ੍ਰਧਾਨ ਨਗਰ ਕੌਂਸਲ ਅਮਰ ਕੁਮਾਰ ਬੀਨੂੰ, ਚੀਫ਼ ਸੈਨੇਟਰ ਇੰਸਪੈਕਟਰ ਹਰਵਿੰਦਰ ਸਿੰਘ, ਡਾ. ਜੰਗੀਰ ਸਿੰਘ, ਡਾ. ਰੇਸ਼ਮ ਸਿੰਘ ਬਾਹੀਆ,ਕਾਂਗਰਸ ਆਗੂ, ਡਾ. ਸੰਜੀਵ ਗੋਇਲ, ਸਮਾਜਸੇਵੀ ਰਜਨੀਸ਼ ਗਰੋਵਰ ਤੇ ਹੋਰ ਪਤਵੰਤੇ ਹਾਜ਼ਰ ਸਨ।