ਰਜਨੀਸ਼ ਸਰੀਨ
- ਦੋਵੇਂ ਤਰ੍ਹਾਂ ਦੇ 200-200 ਪਾਸ ਜਾਰੀ
ਨਵਾਂਸ਼ਹਿਰ, 30 ਅਪਰੈਲ 2020 - ਮਾਰਕੀਟ ਕਮੇਟੀ ਨਵਾਂਸ਼ਹਿਰ ਨੇ ਸਬਜ਼ੀ ਮੰਡੀ ’ਚ ਪੈਂਦੀ ਭੀੜ ਨੂੰ ਨਿਯੰਤਰਿਤ ਕਰਨ ਲਈ ਦੋ ਰੰਗ ਦੇ ਪਾਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਨੀਲੇ ਰੰਗ ਦੇ ਪਾਸ ਧਾਰਕ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਜਦਕਿ ਪੀਲੇ ਰੰਗ ਦੇ ਪਾਸ ਧਾਰਕ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਮੰਡੀ ’ਚ ਆ ਸਕਣਗੇ।
ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਅਨੁਸਾਰ ਸਬਜ਼ੀ ਮੰਡੀਆਂ ’ਚ ਪੈਂਦੇ ਰਸ਼ ਨੂੰ ਕੰਟਰੋਲ ਕਰਨ ਲਈ ਇਹ ਰਣਨੀਤੀ ਅਪਣਾਈ ਗਈ ਹੈ, ਜਿਸ ਤਹਿਤ ਦੋਵੇਂ ਤਰਾਂ ਦੇ 200-200 ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਸਵੇਰ ਤੋਂ ਲਾਗੂ ਹੋ ਜਾਵੇਗੀ, ਜਿਸ ਤਹਿਤ ਇੱਕ ਦਿਨ ਇੱਕ ਰੰਗ ਦੇ ਪਾਸ ਵਾਲਾ ਮੰਡੀ ’ਚ ਆਵੇਗਾ ਅਤੇ ਦੂਸਰੇ ਦਿਨ ਦੂਸਰੇ ਰੰਗ ਦੇ ਪਾਸ ਵਾਲਾ ਮੰਡੀ ’ਚ ਆਵੇਗਾ।
ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਜਿੱਥੇ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖਿਆ ਜਾ ਸਕੇਗਾ ਉੱਥੇ ਸਬਜ਼ੀ ਵੇਚਣ ਵਾਲਿਆਂ ਦੀ ਗਿਣਤੀ ਨੂੰ ਵੀ ਸੀਮਤ ਕੀਤਾ ਜਾ ਸਕੇਗਾ।