ਅਸ਼ੋਕ ਵਰਮਾ
- ਐਸ.ਐਸ.ਪੀ. ਮਾਨਸਾ ਵੱਲੋਂ ਸਲਾਘਾ
ਮਾਨਸਾ, 10 ਮਈ 2020 - ਮਾਨਸਾ ਪੁਲਿਸ ਅਤੇ ਜ਼ਿਲ੍ਹੇ ਦੀਆਂ ਸਮਾਜਿਕ ਸੰਸਥਾਵਾਂ ਵੱਲੋਂ ਅੱਜ ‘ਮਦਰਜ਼ ਡੇ’ ਦੇ ਮੌਕੇ ’ਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ, ਨਰਸਾਂ, ਵੀ.ਪੀ.ਓਜ ਅਤੇ ਪੁਲਿਸ ਵਿਭਾਗ ਦੇ ਸ਼ਹੀਦਾਂ ਦੀਆਂ ਮਾਵਾਂ ਦਾ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਉਨਾਂ ਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਤੋਂ ਅੱਗੇ ਮਾਂ ਦਾ ਹੀ ਰੁਤਬਾ ਹੁੰਦਾ ਹੈ। ਉਨਾਂ ਕਿਹਾ ਕਿ ਪੁਲਿਸ ਵਿਭਾਗ ਹਮੇਸ਼ ਉਨਾਂ ਬਹਾਦਰ ਮਾਵਾਂ ਨੂੰ ਯਾਦ ਕਰਦਾ ਰਹੇਗਾ, ਜਿੰਨਾਂ ਨੇ ਅੱਤਵਾਦ ਦੇ ਦਿਨਾਂ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਕੋਵਿਡ19 ਜਿਹੀ ਮਹਾਂਮਾਰੀ ਦੇ ਖਤਰੇ ਦਰਮਿਆਨ ਵੀ ਆਪਣੀ ਸੰਤਾਨ ਦੀਆਂ ਜਾਨਾਂ ਖਤਰੇ ਵਿੱਚ ਪਾਉਣ ਤੋਂ ਬਿਲਕੁਲ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ।
ਉਨਾਂ ਕਿਹਾ ਕਿ ਪੁਲਿਸ ਅਜਿਹੀਆਂ ਕੰਮਕਾਜੀ ਮਾਵਾਂ, ਨਰਸਾਂ ਅਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ ਜਿੰਨਾਂ ਦੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹਨ, ਨੂੰ ਸਲੂਟ ਕਰਦੀ ਹੈ।ਉਨਾਂ ਕਿਹਾ ਕਿ ਮਾਤਾਵਾਂ ਨੂੰ ਉਨਾਂ ਦੀ ਮਮਤਾ ਪ੍ਰਤੀ ਸਨਮਾਨ ਕਰਨ ਦਾ ਦਿਨ ‘ਮਦਰਜ ਡੇ’ ਨਿਰਧਾਰਤ ਕੀਤਾ ਗਿਆ ਹੈ। ਜਿਲਾ ਪੁਲਿਸ ਮਾਨਸਾ ਅਜਿਹੀਆਂ ਸਮੂਹ ਮਾਵਾਂ ਲਈ ਸਨਮਾਨ ਅਰਪਿਤ ਕਰਦੀ ਹੈ ਜੋ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਪ੍ਰਤੀ ਆਏ ਸੱਦੇ ਨੂੰ ਜਿਆਦਾ ਪਹਿਲ ਦਿੰਦੀਆਂ ਹਨ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਇਹ ਵੀ ਕਿਹਾ ਕਿ ਇਹ ਸਾਡੀ ਗੰਭੀਰ ਭੁੱਲ ਹੋਵੇਗੀ ਜੇਕਰ ਅਸੀਂ ਇਸ ਮਮਤਾ ਭਰੇ ਦਿਨ ਮੌਕੇ ਉਨਾਂ ਮਾਵਾਂ ਨੂੰ ਯਾਦ ਨਾ ਕਰੀਏ ਜਿੰਨਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ।
ਇਸ ਮੌਕੇ ਮਾਨਸਾ ਜਿਲ੍ਹੇ ਦੀਆਂ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ’ਚ ਬੁਢਲਾਡਾ ਤੋਂ ਕੁਲਵੰਤ ਰਾਏ ਸਿੰਗਲਾ (ਸੀਨੀਅਰ ਕਾਂਗਰਸੀ ਨੇਤਾ) ਅਤੇ ਵਿਕਾਸ ਮਿੱਤਲ ਪ੍ਰਧਾਨ ਨਗਰ ਕੌਂਸਲ ਬੁਢਲਾਡਾ, ਮਾਨਸਾ ਤੋਂ ਈਕੋ ਵੀਲਰਜ਼ ਸਾਇਕਲ ਗਰੁੱਪ ਦੇ ਬਲਵਿੰਦਰ ਸਿੰਘ ਕਾਕਾ, ਸੰਵਿਧਾਨ ਬਚਾਓ ਮੰਚ ਦੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਰਦੂਲਗੜ ਤੋਂ ਪੈਸਟੀਸਾਈਡਜ ਐਸੋਸੀਏਸ਼ਨ ਦੇ ਕਮਲ ਕੁਮਾਰ ਨੇ ਜਿੰਮੇਵਾਰੀ ਅਤੇ ਸਨਮਾਨ ਦਾ ਪ੍ਰਗਟਾਵਾ ਕਰਦਿਆਂ ਸਮੂਹ ਮਾਤਾਵਾਂ ਖਾਸ ਤੌਰ ਤੇ ਮੌਜੂਦਾ ਪ੍ਰਤੀਕੂਲ ਸਮੇਂ ਦੌਰਾਨ ਆਪਣੇ ਬੱਚਿਆਂ ਦੀਆਂ ਜਾਨਾਂ ਜੋਖਿਮ ਵਿੱਚ ਪਾਉਣ ਵਾਲੇ ਪੁਲਿਸ ਮੁਲਾਜਮਾਂ ਵਿਸ਼ੇਸ਼ ਕਰ ਵੀਪੀਓਜ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਐਸਐਸਪੀ ਵੱਲੋਂ ਧੰਨਵਾਦ
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਇੰਨਾਂ ਸਮਾਜਿਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਨਾਂ ਸੰਸਥਾਵਾਂ ਦਾ ਇਹ ਉੱਦਮ ਬਹੁਤ ਹੀ ਸਲਾਘਾਯੋਗ ਹੈ। ਉਨਾਂ ਦੱਸਿਆ ਕਿ ਅੱਜ ਪੰੰਜਾਬ ਪੁਲਿਸ ਦੇ 5 ਸ਼ਹੀਦਾਂ ਦੀਆਂ ਮਾਵਾਂ ਸਨਮਾਨਿਤ ਕੀਤੀਆਂ ਹਨ ਜਦੋਂਕਿ ਸੰਕਟ ’ਚ ਕੰਮ ਕਰਨ ਵਾਲੀਆਂ 57 ਮਹਿਲਾ ਪੁਲਿਸ ਕਰਮਚਾਰਨ ਮਾਵਾਂ ,5 ਨਰਸ ਮਾਵਾਂ ਅਤੇ 34 ਵੀ.ਪੀ.ਓਜ ਦੀਆ ਮਾਵਾਂ ਜੋ ਡਿਊਟੀ ਪ੍ਰਤੀ ਸਮਰਪਿਤ ਹੁੰਦੇ ਹੋਏ ਆਪਣੇ ਬੱਚਿਆਂ ਤੇ ਪ੍ਰੀਵਾਰ ਨੂੰ ਵੀ ਅਣਡਿੱਠ ਕਰਕੇ ਡਿਊਟੀ ਨੂੰ ਪਹਿਲ ਦਿੰਦੀਆ ਹਨ, ਦਾ ਸਨਮਾਨ ਕਰਕੇ ਮਾਣ ਵਧਾਇਆ ਹੈ।