ਐਸ.ਏ.ਐੱਸ. ਨਗਰ, 18 ਜੂਨ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਐਲਾਨੇ ਗਏ ਮਿਸ਼ਨ ਫਤਿਹ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਣ ਦੇ ਉਦੇਸ਼ ਨਾਲ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਅੱਜ ਸਥਾਨਕ ਸਰਕਾਰਾਂ ਦੀ ਆਈ.ਟੀ.ਆਈ. (ਮਹਿਲਾਵਾਂ) ਦਾ ਦੌਰਾ ਕੀਤਾ ਅਤੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਸੰਸਥਾ ਦੇ ਅਮਲੇ ਦੇ ਯੋਗਦਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਸੇਤੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਸਰਕਾਰੀ ਅਦਾਰਿਆਂ ਨੇ ਕੋਵਿਡ -19 ਵਿਰੁੱਧ ਲੜਾਈ ਵਿਚ 14 ਲੱਖ ਮਾਸਕ ਬਣਾ ਕੇ ਇਤਿਹਾਸਕ ਯੋਗਦਾਨ ਪਾਇਆ ਹੈ। ਵਿਭਾਗ ਦੁਆਰਾ ਮਨੁੱਖਤਾ ਪੱਖੀ ਕਾਰਜਾਂ ਪ੍ਰਤੀ ਕੀਤੀ ਗਏ ਇਸ ਉੱਦਮ ਦੀ ਰਾਜ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਨਾਥ ਪਾਂਡੇ ਨੇ ਸ਼ਲਾਘਾ ਕੀਤੀ ਹੈ।
ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਸ੍ਰੀ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਸੁਚੱਜੀ ਅਗਵਾਈ ਸਦਕਾ ਹੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਸੰਸਥਾ ਦੀ ਤਰਫੋਂ 44561 ਮਾਸਕਾਂ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਡਾਇਰੈਕਟਰ ਸ੍ਰੀ ਸੇਤੀਆ ਨੂੰ ਭਰੋਸਾ ਦਿਵਾਇਆ ਕਿ ਉਹ ਮਿਸ਼ਨ ਫਤਿਹ ਦੀ ਸਫਲਤਾ ਲਈ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਵਿਆਪਕ ਮੁਹਿੰਮ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਨਿਲ ਗਰੋਵਰ ਰੀਜਨਲ ਡਾਇਰੈਕਟਰ ਹੁਨਰ ਵਿਕਾਸ, ਆਰਆਈਸੀ ਇੰਚਾਰਜ ਸ੍ਰੀ ਕੁਲਦੀਪ ਸਿੰਘ, ਸੁਪਰਡੈਂਟ ਸ੍ਰੀ ਅਵਤਾਰ ਸਿੰਘ, ਸ੍ਰੀ ਰਾਕੇਸ਼ ਧੱਲਾ, ਸ੍ਰੀ ਵਰਿੰਦਰਪਾਲ ਸਿੰਘ ਖਾਲਸਾ, ਪਲੇਸਮੈਂਟ ਅਫਸਰ ਸ੍ਰੀ ਪਰਮਜੀਤਪਾਲ ਸਿੰਘ, ਸ੍ਰੀਮਤੀ ਉਪਾਸਨਾ ਅਤਰੀ, ਸ੍ਰੀਮਤੀ ਦਰਸ਼ਨ ਕੁਮਾਰੀ, ਸ੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਰਜਨੀ ਬੰਗਾ, ਕੁਮਾਰੀ ਅਲਕਾ, ਮਿਸ ਅਰਸ਼ਦੀਪ ਕੌਰ ਅਤੇ ਸੰਸਥਾ ਦੇ ਹੋਰ ਸਟਾਫ ਮੈਂਬਰ ਸ਼ਾਮਲ ਸਨ।