ਨਵਾਂਸ਼ਹਿਰ 17 ਮਈ, 2020 : ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ ਅੰਦਰ ਸਕੂਲ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਹੋਣ ਕਾਰਨ ਸਕੂਲ ਵਿੱਚ ਸਾਫ- ਸਫ਼ਾਈ ਨਹੀਂ ਹੋ ਸਕੀ, ਅਧਿਆਪਕਾਂ ਦੁਆਰਾ ਸਕੂਲਾਂ ਵਿੱਚ ਤਿਆਰ ਕੀਤੇ ਪਾਰਕ ਤੇ ਲਗਾਏ ਪੌਦੇ ਸੁੱਕ ਰਹੇ ਹਨ ਅਤੇ ਕਈਆਂ ਸਕੂਲਾਂ ਵਿੱਚ ਚੱਲ ਰਹੇ ਰੰਗ ਰੋਗਨ ਦੇ ਕੰਮ ਕਾਰ ਵੀ ਵਿਚਾਲੇ ਹੀ ਰਹਿ ਗਏ ਸਨ। ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬਾਹਰੀ ਰਾਜਾਂ ਤੋਂ ਆ ਰਹੇ ਜ਼ਿਲ੍ਹੇ ਦੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਇਕਾਂਤਵਾਸ ਕੇਂਦਰ ਬਣਾਏ ਗਏ ਹਨ ਤੇ ਇਹਨਾਂ ਇਕਾਂਤਵਾਸ ਕੇਂਦਰਾਂ ਵਿੱਚ ਆਉਣ ਵਾਲੇ ਇਲਾਕਾ ਨਿਵਾਸੀ ਸਕੂਲਾਂ ਵਿੱਚ ਇਕਾਂਤਵਾਸ ਦੇ ਸਮੇਂ ਦਾ ਸਦਉਪਯੋਗ ਸਕੂਲਾਂ ਦੀ ਸਾਫ- ਸਫਾਈ ਕਰਨ, ਪਾਰਕਾਂ ਨੂੰ ਸਾਫ ਸੁਥਰਾ ਬਣਾ ਕੇ ਪੌਦਿਆਂ ਨੂੰ ਪਾਣੀ ਦੇਣ ਦੇ ਨਾਲ ਨਾਲ ਹੋਰ ਲੋੜੀਂਦੇ ਕੰਮ ਕਰਨ ਨਾਲ ਗੁਜਾਰ ਰਹੇ ਹਨ। ਬਾਹਰੀ ਰਾਜਾਂ ਤੋਂ ਆਪਣੇ ਪਿੰਡ ਪਹੁੰਚੇ ਇਹਨਾਂ ਵਿਅਕਤੀਆਂ ਵਲੋਂ ਸਕੂਲ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਦੀ ਹਰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ, ਸਮਾਰਟ ਸਕੂਲ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਕੀਤੇ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਿੰਡ ਵਾਸੀਆਂ, ਐਨ.ਆਰ. ਆਈ. ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ। ਇਹਨਾਂ ਸਕੂਲਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਇਕਾਂਤਵਾਸ ਕੀਤੇ ਵਿਅਕਤੀਆਂ ਵਲੋਂ ਕੀਤੇ ਜਾ ਰਹੇ ਕੰਮ ਅਤਿ ਸ਼ਲਾਘਾਯੋਗ ਹਨ। ਉਹਨਾਂ ਇਕਾਂਤਵਾਸ ਵਿੱਚ ਇਹਨਾਂ ਕੰਮਾਂ ਰਾਹੀਂ ਸਮੇਂ ਦਾ ਸਦਉਪਯੋਗ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ।