ਅਸ਼ੋਕ ਵਰਮਾ
- ਦਾਖਲਾ ਮੁਹਿੰਮ ਤੋਂ ਪ੍ਰਾਈਵੇਟ ਸਕੂਲ ਫਿਕਰਮੰਦ
ਬਠਿੰਡਾ, 12 ਮਈ 2020 - ਕੋਰੋਨਾ ਸੰਕਟ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਬਲਾਕ ’ਚ ਪੈਂਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦਾ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦਾਖਲਿਆਂ ਦੇ ਮਾਮਲੇ ’ਚ ਝੰਡੇ ਗੱਡ ਗਿਆ ਹੈ। ਇਸ ਸਕੂਲ ’ਚ ਹੁਣ ਤੱਕ 95 ਫੀਸਦੀ ਦਾਖਲੇ ਮੁਕੰਮਲ ਹੋ ਚੁੱਕੇ ਹਨ ਜਿਸ ਨੂੰ ਲੈਕੇ ਕੁੱਝ ਪ੍ਰਾਈਵੇਟ ਸਕੂਲ ਫਿਕਰਮੰਦ ਵੀ ਹਨ। ਇਸ ਸਕੂਲ ’ਚ ਪਿਛਲੇ ਵਰੇ ਆਏ 34 ਬੱਚਿਆਂ ਦੇ ਮੁਕਾਬਲੇ ’ਚ ਸਿੱਖਿਆ ਵਿਭਾਗ ਦੀ ‘ਈਚ ਵਨ ਬਰਿੰਗ ਵਨ’ ਮੁਹਿੰਮ ਦੌਰਾਨ ਗਿਣਤੀ 109 ਤੱਕ ਪਹੁੰਚਾ ਦਿੱਤੀ ਸੀ ਜਦੋਂਕਿ ਐਤਕੀਂ ਇਹ ਅੰਕੜਾ 160 ਤੇ ਪੁੱਜ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦਾਖਲ ਹੋਏ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਪਿੱਛੇ ਇਸ ਸਕੂਲ ਦਾ ਵਕਾਰ ਅਤੇ ਸਟਾਫ ਦੀ ਮਿਹਨਤ ਬੋਲਦੀ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਕਾਰਨ ਸਕੂਲਾਂ ’ਚ ਪੜਾਈ ਠੱਪ ਹੋ ਗਈ ਜਿਸ ਨੇ ਨਵੇਂ ਦਾਖਲਿਆਂ ਨੂੰ ਗ੍ਰਹਿਣ ਲਾ ਦਿੱਤਾ ਹੈ। ਸਿੱਖਿਆ ਵਿਭਾਗ ਵੱਲੋਂ ਹਰ ਅਧਿਆਪਕ ਨੂੰ 3 ਤੋਂ 5 ਨਵੇਂ ਵਿਦਿਆਰਥੀ ਦਾਖਲਾ ਕਰਨ ਦੇ ਹੁਕਮ ਚਾੜ ਦਿੱਤੇ ਹਨ ਜੋਕਿ ਮੌਜੂਦਾ ਮਹੌਲ ਦੌਰਾਨ ਅਸੰਭਵ ਦਿਖਾਈ ਦਿੰਦਾ ਹੈ। ਅਜਿਹੇ ਹਾਲਾਤਾਂ ਦਰਮਿਆਨ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਵੱਲੋਂ ਦਾਖਲਿਆਂ ’ਚ ਵਾਧਾ ਕਾਫੀ ਹੈਰਾਨੀਜਨਕ ਹੈ। ਜਾਣਕਾਰੀ ਅਨੁਸਾਰ ਇਸ ਵਾਰ 10 ਗੁਆਂਢੀ ਪਿੰਡਾਂ ਮਹਿਮਾ ਸਰਜਾ , ਮਹਿਮਾ ਸਵਾਈ, ਮਹਿਮਾ ਸਰਕਾਰੀ , ਬਲਾਹੜ ਮਹਿਮਾ, ਦਾਨ ਸਿੰਘ ਵਾਲਾ , ਆਕਲੀਆ ਕਲਾਂ , ਗੰਗਾ, ਆਕਲੀਆ ਖੁਰਦ, ਕੋਠੇ ਕਰਤਾਰ ਸਿੰਘ ਦੇ ਬੱਚੇ ਕੋਠੇ ਇੰਦਰ ਸਿੰਘ ਦੇ ਸਕੂਲ ਵਿੱਚ ਦਾਖਲਾ ਕਰਵਾ ਚੁੱਕੇ ਹਨ। ਇਸ ਸਕੂਲ ’ਚ ਫਰੀਦਕੋਟ ਜਿਲੇ ਦੇ ਪਿੰਡ ਚੰਦਭਾਨ ਦੇ ਸਕੂਲ ਚੋਂ ਇੱਕ ਬੱਚਾ ਦਾਖਲਾ ਲੈਣ ਪੁੱਜਿਆ ਤਾਂ ਖੁਦ ਅਧਿਆਪਕ ਦੰਗ ਰਹਿ ਗਏ।
ਗੌਰਤਲਬ ਹੈ ਕਿ ਅਧਿਆਪਕ ਰਜਿੰਦਰ ਸਿੰਘ ਤਲਵੰਡੀ ਸਾਬੋ ਬਲਾਕ ’ਚ ਈਟੀਟੀ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਸੀ ਤਾਂ ਉਸ ਦੀ ਬਦਲੀ ਕੋਠੇ ਇੰੰਦਰ ਸਿੰਘ ਵਾਲਾ ਸਕੂਲ ’ਚ ਕਰ ਦਿੱਤੀ ਗਈ ਸੀ। ਉਦੋਂ ਇਹ ਸਰਕਾਰੀ ਪ੍ਰਾਇਮਰੀ ਸਕੂਲ ਆਮ ਸਕੂਲਾਂ ਦੀ ਤਰਾਂ ਸੀ ਤੇ ਉਸੇ ਤਰਜ ਤੇ ਹੀ ਬੱਚੇ ਇੱਥੇ ਪੜਨ ਲਈ ਆਉਂਦੇ ਸਨ। ਰਜਿੰਦਰ ਸਿੰਘ ਨੇ ਠਾਣ ਲਈ ਕਿ ਹੁਣ ਇਸ ਸਕੂਲ ਦੀ ਨੁਹਾਰ ਬਦਲ ਦੇਣੀ ਹੈ ਤਾਂ ਸਾਰੇ ਰਾਹ ਆਪਣੇ ਆਪ ਖੁੱਲਦੇ ਗਏ। ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਲੱਕੜ ਅਤੇ ਹੋਰ ਰੰਗ ਰੋਗਨ ਦਾ ਕੰਮ ਕਰਦਿਆਂ ਤੱਕਿਆ ਤਾਂ ਸਭ ਉਸ ਦੇ ਪਿੱਛੇ ਹੋ ਤੁਰੇ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਅਧਿਆਪਕ ਰਾਜਿੰਦਰ ਸਿੰਘ ਨੇ ਆਪਣੀ ਡਿਊਟੀ ਸਮੇਂ ਦੇ ਨਾਲ ਨਾਲ ਛੁੱਟੀਆਂ ਵਿੱਚ ਵੀ ਸਕੂਲ ਵਿੱਚ ਸਵੇਰ ਤੋਂ ਸ਼ਾਮ ਤੱਕ ਹਾਜ਼ਰੀ ਦਿੱਤੀ ਹੈ। ਇਸ ਕਰਕੇ ਅਧਿਆਪਕ ਰਾਜਿੰਦਰ ਸਿੰਘ ਨੂੰ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਮਾਨ ਸਨਮਾਨ ਵੀ ਦਿੱਤਾ ਗਿਆ ਹੈ।
ਪਿੰਡ ਵਾਸੀ ਬੜੇ ਮਾਣ ਨਾਲ ਦੱਸਦੇ ਹਨ ਕਿ ਉਸਾਰੀ ਦਾ ਕੰਮ, ਬਿਜਲੀ, ਪਲੰਬਰ, ਪੇਂਟਰ ਤੇ ਲੱਕੜੀ ਆਦਿ ਨਾਲ ਸਬੰਧਤ ਕੰਮ ਵੀ ਖੁੁਦ ਉਸ ਨੇ ਆਪਣੇ ਹੱਥੀਂ ਕੀਤੇ ਹਨ ਜਦੋਂਕਿ ਬੱਚਿਆਂ ਦੀ ਸਹੂਲਤ ਮੁਤਾਬਿਕ ਹਰ ਸਹਾਇਤਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ। ਸਕੂਲ ’ਚ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਵਾਲੀਆਂ ਪੇਟਿੰਗਜ਼ ਨਾਲ ਸਕੂਲ ਨੂੰ ਚਾਰ ਚੰਦ ਲੱਗੇ ਹੋਏ ਹਨ। ਹਰੀ ਪੱਟੀ ਵਿਕਸਿਤ ਕੀਤੀ ਗਈ ਹੈ ਜਿਸ ਨਾਲ ਬੱਚੇ ਤਣਾਓ ਮੁਕਤ ਰਹਿਣ ਲੱਗੇ ਹਨ ਤੇ ਉਨਾਂ ਦਾ ਪੜਾਈ ’ਚ ਵੀ ਮਨ ਲੱਗਦਾ ਹੈ। ਬੱਚਿਆਂ ਦੀ ਆਧੁਨਿਕ ਸਿੱਖਿਆ ਨਾਲ ਸਬੰਧਿਤ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ,ਈ-ਲਾਇਬ੍ਰੇਰੀ,ਖੇਡ ਦਾ ਮੈਦਾਨ, ਖੁੱਲਾ ਡੁੱਲਾ ਵਾਤਾਵਰਣ ,ਬੱਚਿਆਂ ਲਈ ਪਾਰਕ ਤੇ ਝੂਲੇ ਅਤੇ ਸਕਾਊਟਿੰਗ ਸਿੱਖਿਆ ਦੀ ਸਹੂਲਤ ਹੈ ਜਿਸ ਕਾਰਨ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਕਰੜੀ ਟੱਕਰ ਦੇ ਰਿਹਾ ਹੈ।
ਵਿਕਾਸ ਦਾ ਸੱਚ ਦੱਸਦਾ ਸਕੂਲ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਭਾਰਤ ’ਚ ਇਹ ਸਕੂਲ ਆਪਣੇ ਆਪ ਵਿੱਚ ‘ਵਿਕਾਸ’ ਦਾ ਸੱਚ ਦੱਸਣ ਲਈ ਕਾਫੀ ਹੈ ਉਨਾਂ ਆਖਿਆ ਕਿ ਇਸ ਸਕੂਲ ’ਚ ਜੋ ਵੀ ਕੰਮ ਕਰਵਾਇਆ ਗਿਆ ਹੈ ਉਸ ’ਚ ਦਾਨੀ ਸੱਜਣਾ ਦੀ ਵੱਡੀ ਭੂਮਿਕਾ ਹੈ। ਉਨਾਂ ਆਖਿਆ ਕਿ ਸਕੂਲ ’ਚ ਬੱਚੇ ਵੀ ਮਨ ਲਾਕੇ ਪੜਾਈ ਕਰਦੇ ਹਨ ਜਿਸ ਦਾ ਅਸਰ ਨਤੀਜਿਆਂ ਅਤੇ ਦਾਖਲਿਆਂ ਤੇ ਪੈਣਾ ਸੁਭਾਵਿਕ ਹੈ।
ਹੋਰ ਸਕੂਲ ਵੀ ਸੇਧ ਲੈਣ
ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਚਾਨੀ ਦਾ ਕਹਿਣਾ ਸੀ ਕਿ ਵਿੱਦਿਆਂ ਦੀਆਂ ਮਹਿਕਾਂ ਵੰਡਣ ਲੱਗੇ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਉਨਾਂ ਕਿਹਾ ਕਿ ਜਿਸ ਰਸਤੇ ਇਹ ਸਕੂਲ ਤੁਰਿਆ ਹੈ,ਉਸ ਤੇ ਸਭ ਤੁਰਨ ਤਾਂ ਮੁਢਲੀ ਸਿੱਖਿਆ ਹੋਰ ਵੀ ਬੁਲੰਦੀਆਂ ਛੂਹਣ ਲੱਗੇਗੀ। ਉਨਾਂ ਆਧਿਆਪਕ ਰਜਿੰਦਰ ਸਿੰਘ ਸਮੇਤ ਸਟਾਫ ਨੂੰ ਦਾਖਲਾ ਮੁਹਿੰਮ ’ਚ ਸਫਲਤਾ ਪ੍ਰਤੀ ਵਧਾਈ ਵੀ ਦਿੱਤੀ ਹੈ।