ਅਸ਼ੋਕ ਵਰਮਾ
ਬਠਿੰਡਾ, 10 ਮਈ 2020 - ਮੁਲਕ ਅੰਦਰ ਕੋਰੋਨਾ ਸੰਕਟ ਵੇਲੇ ਸਿਹਤ ਕਾਮਿਆਂ ਨੂੰ ਸਰਕਾਰੀ ਬੇਰੁਖੀ ਤੋਂ ਬਚਾਉਣ ਲਈ ਸਮੁੱਚੇ ਸਿਹਤ ਮਹਿਕਮੇ ਦਾ ਕੰਟਰੋਲ ਸਰਕਾਰੀ ਹੱਥਾਂ ਵਿੱਚ ਲੈਣ ਸਮੇਤ ਸਰਕਾਰੀ ਅਦਾਰਿਆਂ ਵਿਸੇਸ਼ ਕਰਕੇ ਬਿਜਲੀ,ਜਲ-ਸਪਲਾਈ,ਵਿਦਿਆ ਤੇ ਟਰਾਂਸਪੋਰਟ ਮਹਿਕਮੇ ਵਿੱਚੋਂ ਠੇਕਾ ਪ੍ਰਬੰਧ ਖਤਮ ਕਰਕੇ ਪੱਕੇ ਮੁਲਾਜਮ ਭਰਤੀ ਕਰਵਾਉਣ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੀਆਂ 16 ਸੰਘਰਸ਼ਸੀਲ ਜਨਤਕ ਜੱਥੇਬੰਦੀਆਂ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ, ਖੇਤ ਮਜਦੂਰਾਂ ਤੇ ਠੇਕਾ ਮੁਲਾਜਮ ਜੱਥੇਬੰਦੀਆਂ ਵੱਲੋਂ ਜਿਲਾ ਬਠਿੰਡਾਂ ਦੇ ਸਰਕਾਰੀ ਹਸਪਤਾਲਾਂ ਅੱਗੇ ਸੰਕੇਤਿਕ ਧਰਨੇ ਦਿੱਤੇ ਜਾਣਗੇ । ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਲਹਿਰਾਂ ਮੁਹੱਬਤ ਥਰਮਲ ਕਾਮਿਆਂ ਦੇ ਆਗੂ ਜਗਰੂਪ ਸਿੰਘ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਲੇ ਦੇ ਰਾਮਪੁਰਾ,ਬਾਲਿਆਂਵਾਲੀ,ਲਹਿਰਾ ਮੁਹੱਬਤ, ਮਹਿਰਾਜ,ਭੁੱਚੋ ਮੰਡੀ,ਘੁੱਦਾ,ਬਠਿੰਡਾ,ਗੋਨਿਆਣਾ, ਸੰਗਤ ਮੰਡੀ,ਭਗਤਾ,ਤਲਵੰਡੀ ਅਤੇ ਮੌੜ ਆਦਿ ਸਰਕਾਰੀ ਹਸਪਤਾਲਾਂ ਨੂੰ ਧਰਨਿਆਂ ਲਈ ਚੁਣਿਆ ਗਿਆ ਹੈ ।
ਇਨਾਂ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਹੈ ਕਿ ਕਰੋਨਾਂ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਖਾਦ-ਖੁਰਾਕ,ਦਵਾਈਆਂ,ਮਾਸਿਕ, ਹਰ ਇੱਕ ਦੇ ਟੈਸਟ ਕਰਨ, ਪਿੰਡਾਂ ਵਿੱਚ ਡਾਕਟਰੀ ਅਮਲਾ-ਫੈਲਾ ਭੇਜਣ,ਜਨਤਕ ਪੱਧਰ ਤੇ ਲੋਕਾਂ ਨੂੰ ਜਾਗਰਿਤ ਕਰਕੇ ਹਰਕਤ ਵਿੱਚ ਲਿਆਉਣ ਲਈ ਕੁੱਝ ਕਰਨਾ ਤਾਂ ਇੱਕ ਪਾਸੇ ਰਿਹਾ , ਸਰਕਾਰਾਂ ਤਾਂ ਕਰੋਨਾਂ ਮਹਾਮਾਂਰੀ ਵਿਰੁੱਧ ਜਾਨ ਜੋਖਮ ਵਿੱਚ ਪਾਕੇ ਮਰੀਜਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਰਸਾਂ ਅਤੇ ਸਫਾਈ ਕਾਮਿਆਂ,ਆਸਾ ਵਰਕਰਾਂ ਨੂੰ ਲੋੜੀਦੀਂਆਂ ਕਿੱਟਾਂ ਦੇਣ ਤੋਂ ਵੀ ਪਾਸਾ ਵੱਟ ਰਹੀਆਂ ਹਨ । ਇਸ ਤੋਂ ਇਲਾਵਾ ਕਰੋਨਾ ਨਾਲ ਲੜੀ ਜਾ ਰਹੀ ਲੜਾਈ ਵਿੱਚ ਪੂਰੀਆਂ ਖਤਰਨਾਕ ਹਾਲਤਾਂ ਵਿੱਚ ਡਿਉਟੀ ਦੇਣ ਵਾਲੇ ਪੁਲਿਸ ਮੁਲਾਜਮਾਂ ਨੂੰ ਵੀ ਬਿਨਾਂ ਸੇਫਟੀ ਔਜਾਰਾਂ ਦੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ।
ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਸਿਹਤ ਸੇਵਾਵਾਂ ਦਾ ਸਰਕਾਰੀ ਕਰਨ ਕਰਕੇ ਇਸ ਮਹਿਕਮੇ ਵਿੱਚ ਕੰਮ ਕਰਨ ਵਾਲੇ ਠੇਕਾ ਕਾਮਿਆਂ ਨੂੰ ਪੱਕਾ ਭਰਤੀ ਕੀਤਾ ਜਾਵੇ । ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ , ਸੰਸਾਰੀਕਰਨ ਤੇ ਵਪਾਰੀਕਰਨ ਦੀ ਲਾਗੂ ਕੀਤੀ ਨੀਤੀ ਨੂੰ ਰੱਦ ਕੀਤਾ ਜਾਵੇ । ਡਿਉਟੀ ਕਰਨ ਵਾਲੇ ਪੁਲਿਸ ਮੁਲਾਜਮਾਂ ਦਾ ਕੰਮ ਭਾਰ ਘਟਾਇਆ ਜਾਵੇ ਵਿਸ਼ੇਸ ਕਰਕੇ ਔਰਤ ਮੁਲਾਜਮਾਂ ਦੇ ਰਹਿਣ-ਸਹਿਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ।ਆਗੂਆਂ ਨੇ ਕਿਹਾ ਕਿ ਕਰਫਿਉ ਦੌਰਾਨ ਲੋਕਾਂ ’ਤੇ ਜਬਰ ਕਰਨ ਵਾਲੇ ਪੁਲਿਸ ਮੁਲਾਜਮਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ । ਕਰੋਨਾਂ ਮਹਾਮਾਂਰੀ ਦੇ ਵੱਡੇ ਖਰਚਿਆਂ ਦੇ ਪ੍ਰਬੰਧ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੂਮੀ-ਪਤੀਆਂ ’ਤੇ ਵਿਸੇਸ਼ ਟੈਕਸ ਲਾਏ ਜਾਣ । ਉਨਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਇਨਾਂ ਧਰਨਿਆਂ ਵਿੱਚ ਭਰਵੀਂ ਸਮੂਲੀਅਤ ਅਤੇ ਕਰੋਨਾਂ ਨੂੰ ਰੋਕਣ ਸਬੰਧੀ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ ਹੈ ।