- ਸਰਕਾਰੀ ਹਸਪਤਾਲ ਅਤਿ-ਆਧੁਨਿਕ ਸਾਜੋ-ਸਮਾਨ ਨਾਲ ਲੈਸ ਹੋਣ -ਰਵੀਇੰਦਰ ਸਿੰਘ
- ਡੇਅਰੀ ਫਾਰਮਿੰਗ ਬਚਾਉਣ ਲਈ ਸਰਕਾਰ ਤੁਰੰਤ ਨੀਤੀ ਦਾ ਇਲਾਨ ਕਰੇ :-ਰਵੀਇੰਦਰ ਸਿੰਘ
- ਕਰਫਿਊ ਕਾਰਨ ਦੁੱਧ ਤੇ ਸਬਜ਼ੀਆਂ ਪੈਦਾ ਕਰਨ ਵਾਲਾ ਕਿਸਾਨ ਰੁਲ ਗਿਆ
ਚੰਡੀਗੜ੍ਹ, 16 ਅਪਰੈਲ 2020 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸੀ ਲੀਹ 'ਤੇ ਲਿਆਉਣ, ਸਰਕਾਰੀ ਹਸਪਤਾਲਾਂ ਚ ਅਤਿ-ਆਧੂਨਿਕ ਸਾਜੋ-ਸਮਾਨ ਦੇ ਪੁਖਤਾ ਪ੍ਰਬੰਧ ਕਰਨ, ਡੇਅਰੀ ਉਤਪਾਦਕ ਕਿਸਾਨ ਦੇ ਦੁੱਧ ਦੀਆਂ ਡਿੱਗ ਰਹੀਆਂ ਕੀਮਤਾਂ ਪ੍ਰਤੀ ਗੰਭੀਰਤਾ ਵਿਖਾਉਣ ਅਤੇ ਮੰਡੀਕਰਨ ਦੇ ਸੁਚੱਜੇ ਬੰਦੋਬਸਤ ਲਈ ਜ਼ੋਰ ਦਿੰਦਿਆਂ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੇ ਮੱਦੇਨਜ਼ਰ ਉਕਤ ਵਰਨਣ ਵਿਭਾਗਾਂ ਨੂੰ ਜਨਤਾ ਪ੍ਰਤੀ ਜਵਾਬਦਾਹ ਬਣਾਉਣਾ ਬੇਹੱਦ ਜਰੂਰੀ ਹੈ।
ਰਵੀਇੰਦਰ ਸਿੰਘ ਨੇ ਜਾਰੀ ਬਿਆਨ 'ਚ ਪੀਡੀਐਸ ਪ੍ਰਣਾਲੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੌਜੂਦਾ ਬਣੇ ਗੰਭੀਰ ਹਲਾਤਾਂ 'ਚ ਹਰ ਵਰਗ ਤੇ ਖਾਸ ਕਰਕੇ ਮਿਹਨਤਕਸ਼ਾਂ ਅਤੇ ਗਰੀਬ ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਲਈ ਸਰਲ ਨੀਤੀ ਬਣਾਉਣ ਦੀ ਜਰੂਰਤ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ,ਸਿਆਸਤਦਾਨਾ ਤੇ ਨਿਰਭਰਤਾ ਰੱਖਣ ਦੀ ਜਰੂਰਤ ਮਹਿਸੂਸ ਨਾ ਕਰੇ, ਜਿਸ ਤਰ੍ਹਾਂ ਦੀਆਂ ਖਬਰਾਂ ਪੁੱਜ ਰਹੀਆਂ ਹਨ ਕਿ ਰਾਸ਼ਨ ਵੰਡਣ ਵਿੱਚ ਵੀ ਸਿਆਸੀ ਰੰਗਤ ਦਿਤੀ ਜਾ ਰਹੀ ਹੈ।
ਰਵੀਇੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਨੇ ਸਰਕਾਰੀ ਹਸਪਤਾਲਾਂ ਦੀ ਪੋਲ ਖੋਲ੍ਹਣ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਦੀ ਤੰਗ ਸੋਚ ਵੀ ਜਨਤਕ ਕਰ ਦਿੱਤੀ ਹੈ ਕਿ ਉਹ ਕਿੰਨੇ ਕੁ ਮਿਸ਼ਨਰੀ ਭਾਵਨਾ ਡਾਕਟਰੀ ਪੇਸ਼ੇ ਪ੍ਰਤੀ ਰੱਖਦੇ ਹਨ। ਉਨ੍ਹਾਂ ਮੁਤਾਬਕ ਸਰਕਾਰੀ ਹਸਪਤਾਲਾਂ ਵਿਚ ਗੰਭੀਰ ਬਿਮਾਰੀਆਂ ਦਾ ਇਲਾਜ ਕਰਨਾ ਤਾਂ ਦੂਰ ਦੀ ਗਲ ਹੈ, ਉਥੋਂ ਦੀ ਸਫਾਈ ਵਿਵਸਥਾ ਬੇਹੱਦ ਮੰਦੀ ਹਾਲਤ ਵਿਚ ਸਾਹਮਣੇ ਆਈ ਹੈ।
ਉਨ੍ਹਾਂ ਬੜੇ ਅਫਸੋਸ ਨਾਲ ਕਿਹਾ ਕਿ ਪ੍ਰਾਈਵੇਟ ਹਸਪਤਾਲ ਤਾਂ ਕੋਰੋਨਾ ਦੀ ਬਿਮਾਰੀ ਦੌਰਾਨ ਖਮੋਸ਼ ਹੋ ਕੇ ਰਹਿ ਗਏ। ਰਵੀਇੰਦਰ ਸਿੰਘ ਮੁਤਾਬਕ ਅੰਦਰੂਨੀ ਰਿਪੋਰਟਾਂ ਸਪੱਸ਼ਟ ਹੋ ਰਹੀਆਂ ਹਨ ਕਿ ਨਿੱਜੀ ਹਸਪਤਾਲ ਆਮ ਲੋਕਾਂ ਦੇ ਇਲਾਜ ਤੋਂ ਵੀ ਦੂਰੀ ਬਣਾ ਕੇ ਰੱਖ ਰਹੇ ਹਨ। ਘਾਗ ਰਾਜਨੀਤੀਵਾਨ ਰਵੀਇੰਦਰ ਸਿੰਘ ਨੇ ਡੇਅਰੀ-ਫਾਰਮਿੰਗ ਨਾਲ ਜੁੜੇ ਕਿਸਾਨ ਦੇ ਰੁੱਲ ਰਹੇ ਦੁੱਧ ਬਾਰੇ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਇਸ ਸਬੰਧੀ ਸਪਸ਼ਟ ਨੀਤੀ ਬਣਾਈ ਜਾਵੇ। ਇਸ ਪ੍ਰਤੀ ਨੀਤੀਆਂ ਦੀ ਘਾਟ ਕਰਕੇ ਬਹੁਤ ਕੀਮਤ ਨਾਲ ਤਿਆਰ ਹੁੰਦਾ ਦੁੱਧ ਬੇਹੱਦ ਘੱਟ ਕੀਮਤ ਤੇ ਵਿਕ ਰਿਹਾ ਹੈ। ਕੋਰੋਨਾ ਦੇ ਇਸ ਲੌਕ-ਡਾਊਨ ਦੌਰਾਨ ਹੀ ਸਬੰਧਤ ਵਿਭਾਗ ਨੂੰ ਡੇਅਰੀ ਧੰਦਾ ਬਚਾਉਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਸਨ। ਮਾਰਕੀਟ ਵਿੱਚ ਨਕਲੀ ਦੱਧ ਘੱਟ ਕੀਮਤਾਂ 'ਤੇ ਵਿਕ ਰਿਹਾ ਹੈ।
ਦੁੱਧ ਤੋਂ ਇਲਾਵਾ ਸਬਜ਼ੀਆਂ ਵੀ ਕੌਡੀਆਂ ਦੇ ਭਾਅ ਵਿਕ ਰਹੀਆਂ ਹਨ। ਮੌਜੂਦਾ ਬਣੇ ਗੰਭੀਰ ਹਲਾਤਾਂ 'ਚ ਛੋਟੇ 'ਤੇ ਦਰਮਿਆਂਨੇ ਕਿਸਾਨ ਨੂੰ ਸਰਕਾਰ ਵਲੋਂ ਬੋਨਸ ਦੇਣਾ ਚਾਹੀਦਾ ਹੈ ਤਾਂ ਜੋ ਸਹਾਇਕ ਧੰਦਿਆਂ ਨਾਲ ਜੁੜਿਆ ਕਿਸਾਨ ਕੁੱਝ ਰਾਹਤ ਮਹਿਸੂਸ ਕਰ ਸਕੇ ਜੋ ਪਹਿਲਾਂ ਹੀ ਕਰਜ਼ੇ ਤੇ ਨਿੱਤ ਵਾਪਰਦੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰ ਰਿਹਾ ਹੈ। ਰਵੀਇੰਦਰ ਸਿੰਘ ਨੇ ਮੁੱਖ-ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਦੀ ਮੰਡੀਆਂ 'ਚ ਲੁੱਟ ਨਾ ਹੋਣ ਦੇਣ ਲਈ ਉਹ ਨਜ਼ਰ ਰੱਖਣ।