ਮਨਿੰਦਰਜੀਤ ਸਿੱਧੂ
- ਜੈਤੋ ਬਿਜ਼ਲੀ ਘਰ ਅੱਗੇ ਸਰਕਾਰ ਖਿਲਾਫ ਕੱਢੀ ਭੜਾਸ
ਜੈਤੋ, 13 ਮਈ 2020 - ਬਠਿੰਡਾ ਥਰਮਲ ਪਲਾਂਟ ਤੋਂ ਪੱਛਮੀ ਜ਼ੋਨ ਚ ਸਰਪਲਸ ਹੋਏ ਬਿਜਲੀ ਠੇਕਾ ਕਾਮਿਆਂ ਵਲੋਂ ਬਿਜਲੀ ਦਫਤਰ ਜੈਤੋਂ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਝੰਡੇ ਅਧੀਨ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਇਕਬਾਲ ਸਿੰਘ ਪੂਹਲਾ ਨੇ ਕਿਹਾ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਨ ਵਾਲੇ ਠੇਕਾ ਮੁਲਾਜਮਾਂ ਦੇ ਵਧੇ ਮਿੰਨੀਮੰਮ ਵੇਜਸ ਦੇ ਵਾਧੇ ਨੂੰ ਕੈਪਟਨ ਸਰਕਾਰ ਵਲੋਂ ਕਰੋਣਾ ਦੇ ਸੰਕਟ ਦਾ ਬਹਾਨਾ ਬਣਾ ਕੇ ਰੋਕ ਲਗਾ ਦਿੱਤੀ ਹੈ।
ਉਹਨਾਂ ਕਿਹਾ ਕਿ ਸਰਕਾਰ ਵਲੋਂ ਕਰੋਣਾ ਦੇ ਖ਼ਿਲਾਫ਼ ਜੰਗ ਲੜਨ ਵਾਲੇ ਕਾਮਿਆਂ ਨੂੰ ਹੌਸਲਾ ਅਫਜਾਈ ਤਾਂ ਕੀ ਕਰਨੀ ਸੀ ਸਗੋਂ ਵਧਣ ਵਾਲੇ ਨਾ ਮਾਤਰ ਤਨਖਾਹ ਵਾਧੇ ‘ਤੇ ਰੋਕ ਲਗਾ ਦਿੱਤੀ ਹੈ।ਕਰੋਣਾ ਦੇ ਇਸ ਭਿਆਨਕ ਦੌਰ ‘ਚ ਜਿੱਥੇ ਸਾਰੇ ਲੋਕ ਕਰਫਿਊ ਕਾਰਨ ਘਰਾਂ ਅੰਦਰ ਬੈਠੇ ਹੋਏ ਸਨ ਉੱਥੇ ਬਿਜਲੀ ਕਾਮੇ ਇਸ ਮਹਾਮਾਰੀ ਦੇ ਸਮੇਂ ਵਿੱਚ ਕੋਰੋਨਾ ਖਿਲਾਫ ਜੰਗ ਲੜਦੇੇ ਹੋਏ ਲੋਕਾਂ ਦੀ ਜਿੰਦਗੀ ਵਿੱਚ ਰੌਸ਼ਨੀ ਬਰਕਰਾਰ ਰੱਖ ਰਹੇ। ਸਰਕਾਰ ਵੱਲੋਂ ਬਿਜਲੀ ਕਾਮਿਆਂ ਨੂੰ ਕੋਈ ਸੇਫਟੀ ਕਿੱਟਾ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਇਸ ਸਮੇ ਸਬ ਡਵੀਜ਼ਨ ਜੈਤੋ ਦੇ ਬਿਜ਼ਲੀ ਠੇਕਾ ਕਾਮਿਆਂ ਦੇ ਪ੍ਰਧਾਨ ਗਗਨਦੀਪ ਸਿੰਘ ਮੀਤ ਪ੍ਰਧਾਨ ਜਗਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਕਰੋਣਾ ਦੇ ਡਰ ਵਿੱਚ ਸਹਿਮੇ ਹੋਏ ਲੋਕਾਂ ਦੇ ਖਿਲਾਫ ਲੋਕ ਮਾਰੂ ਫੈਸਲਿਆਂ ਦੀ ਰੂਪ ਰੇਖਾ ਤਿਆਰ ਕਰ ਰਹੀ ਹੈ।ਉਹਨਾਂ ਕਿਹਾ ਸਰਕਾਰ ਨੂੰ ਇਹ ਵਹਿਮ ਆ ਕਿ ਸਾਰੇ ਦੇਸ਼ ‘ਚ ਕਰਫਿਊ ਲੱਗਿਆ ਹੋਣ ਕਰਕੇ ਉਹ ਕਿਸੇ ਵੀ ਤਰਾਂ ਦੇ ਲੋਕ ਵਿਰੋਧੀ ਕਾਨੂੰਨ ਬਣਾ ਸਕਦੀ ਹੈ। ਜੇ ਸਰਕਾਰਾਂ ਏਦਾਂ ਦੇ ਲੋਕ ਮਾਰੂ ਫੈਸਲੇ ਲੈਣਗੀਆਂ ਤਾਂ ਸੰਘਰਸ਼ੀ ਲੋਕਾਂ ਨੂੰ ਮਜ਼ਬੂਰਨ ਸੜਕਾਂ ‘ਤੇ ਉੱਤਰਨਾ ਪਵੇਗਾ।
ਸਰਕਾਰ ਖਜਾਨੇ ਨੂੰ ਭਰਨ ਲਈ ਹੱਡ-ਤੋੜ ਮਿਹਨਤ ਕਰਨ ਵਾਲੇ ਕਾਮਿਆਂ ਦੇ ਘੱਟੋ ਘੱਟ ਵੇਜ਼ਸ ‘ਤੇ ਕੈਂਚੀ ਚਲਾਉਣ ਦੀ ਬਜਾਏ ਰਾਜਸੀ ਲੀਡਰਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਨੂੰ ਬੰਦ ਕਰੇ। ਕਾਰਪੋਰੇਟਾਂ ਵੱਲ ਖੜੇ ਮੋਟੇ ਬਕਾਏ ਵਸੂਲੇ ਜਾਣ।ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਅਖੌਤੀ ਸੋਧਾਂ ਮਜ਼ਦੂਰਾਂ ਤੋਂ ਉਹਨਾਂ ਦੇ ਕਮਾਏ ਹੋਏ ਹੱਕ ਖੋਹਣ ਦੀਆਂ ਕੋਸ਼ਿਸ਼ਾਂ ਹਨ।ਉਹਨਾਂ ਪੰਜਾਬ ਭਰ ਵਿੱਚ 16 ਜਨਤਕ ਜੱਥੇਬੰਦੀਆਂ ਵਲੋਂ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ‘ਚ ਕੰਮ ਕਰ ਰਹੇ ਮੁਲਾਜਮਾਂ ਲਈ ਪੁਖ਼ਤੇ ਪ੍ਰਬੰਧਾਂ ਦੇ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਤਹਿਤ ਜੈਤੋਂ ਵਿਖੇ ਉਹਨਾਂ ਦੇ ਇਕੱਠ ਵਿੱਚ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਕਮੇਟੀ ਮੈਂਬਰ ਜਗਸੀਰ ਸਿੰਘ,ਅਰਸ਼ਦੀਪ ਸਿੰਘ,ਰਾਹੁਲ ਸ਼ਰਮਾ,ਸੂਰਜ ਕੁਮਾਰ,ਅਤੇ ਬਾਕੀ ਬਿਜਲੀ ਮੁਲਾਜ਼ਮ ਹਾਜ਼ਿਰ ਹੋਏ।