- ਸੋਸ਼ਲ ਐਕਟੀਵਿਸਟਾਂ ਵੱਲੋਂ ਮੁੱਖ ਮੰਤਰੀ ਨੂੰ ਪੱਤਰ
ਰਜਨੀਸ਼ ਸਰੀਨ
ਨਵਾਂਸ਼ਹਿਰ 02 ਅਪ੍ਰੈਲ 2020 - ਪੰਜਾਬ ਦੇ ਸੋਸ਼ਲ ਐਕਟਿਵਿਸਟਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਅਦਾਰਿਆਂ ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ । ਨਵਾਂ ਸ਼ਹਿਰ ਤੋਂ ਪਰਵਿੰਦਰ ਸਿੰਘ ਕਿੱਤਣਾ, ਸੰਗਰੂਰ ਤੋਂ ਡਾ ਅਮਰਜੀਤ ਸਿੰਘ ਮਾਨ ਅਤੇ ਲੁਧਿਆਣਾ ਤੋਂ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਾਈਵੇਟ ਅਦਾਰਿਆਂ ਜਿਹਨਾਂ ਵਿਚ ਸਕੂਲ ਕਾਲਜ ਅਤੇ ਹੋਰ ਵਿਦਿਅਕ ਅਦਾਰੇ , ਗਰੁੱਪ ਆਫ਼ ਇੰਸਟੀਚਿਊਸ਼ਨਜ਼ , ਬੈਂਕ , ਇਨਸ਼ੋਰੈਂਸ ਕੰਪਨੀਆਂ ,ਹਸਪਤਾਲ , ਕਾਰਪੋਰੇਟ ਦਫ਼ਤਰ ,ਆਟੋ ਮੋਬਾਈਲ ਡੀਲਰ , ਕੰਸਲਟੈਂਸੀ ਦਫਤਰ, ਫੈਕਟਰੀਆਂ ਅਤੇ ਹੋਰ ਉਤਪਾਦਨ ਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਦਫਤਰ ਸ਼ਾਮਲ ਹਨ ਦੇ ਕਰਮਚਾਰੀਆਂ ਨੂੰ ਤਨਖਾਹਾਂ/ ਭੱਤਿਆਂ ਦਾ ਭੁਗਤਾਨ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਸਬੰਧੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਸਕੱਤਰ ਸਿੱਖਿਆ ,ਕਮਿਸ਼ਨਰ ਲੇਬਰ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਕਸਰ ਤਨਖਾਹ ਘੱਟ ਦਿੱਤੀ ਜਾਂਦੀ ਹੈ ਤੇ ਛੁੱਟੀਆਂ ਦੀ ਤਨਖਾਹ ਕੱਟ ਲਈ ਜਾਂਦੀ ਹੈ । ਹੁਣ ਜਦੋਂ ਕਰਫਿਊ ਕਰਕੇ ਇਹ ਅਦਾਰੇ ਬੰਦ ਹਨ ਤਾਂ ਇਨ੍ਹਾਂ ਅਦਾਰਿਆਂ ਦੇ ਮਾਲਕਾਂ ਪ੍ਰਬੰਧਕਾਂ ਕੋਲ ਇਹ ਬਹਾਨਾ ਹੈ ਕਿ ਕੰਮ ਬੰਦ ਹੋਣ ਕਾਰਨ ਤਨਖਾਹ ਨਹੀਂ ਦਿੱਤੀ ਜਾ ਸਕਦੀ । ਇਨ੍ਹਾਂ ਅਦਾਰਿਆਂ 'ਚੋਂ ਬਹੁਤ ਸਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਰਥਿਕ ਹਾਲਤ ਪਤਲੀ ਹੁੰਦੀ ਹੈ । ਕਈਆਂ ਨੂੰ ਤਾਂ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਘੱਟ ਪੈਸੇ ਮਿਲਦੇ ਹਨ । ਮੌਜੂਦਾ ਹਾਲਾਤ ਵਿੱਚ ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਿਲ ਹੋ ਜਾਵੇਗਾ । ਪੱਤਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਈ ਅਦਾਰਿਆਂ ਨੇ ਤਾਂ ਹਾਲੇ ਤੱਕ ਫਰਵਰੀ ਮਹੀਨੇ ਦੀ ਤਨਖਾਹ ਦਾ ਵੀ ਭੁਗਤਾਨ ਨਹੀਂ ਕੀਤਾ ।
ਸੋਸ਼ਲ ਐਕਟੀਵਿਸਟਾਂ ਨੇ ਮੰਗ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਅਦਾਰੇ ਬੰਦ ਹੋਣ/ਰਹਿਣ ਦੇ ਬਾਵਜੂਦ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਨਿਸ਼ਚਿਤ ਸਮੇਂ 'ਤੇ ਬਿਨਾਂ ਕਿਸੇ ਕਟੌਤੀ ਤੋਂ ਦੇਣ । ਜਿਹੜੇ ਅਦਾਰੇ ਘਾਟੇ ਵਿੱਚ ਜਾ ਰਹੇ ਹਨ ਸਿਰਫ ਉਹਨਾਂ ਨੂੰ ਤਨਖਾਹਾਂ ਦੇ ਰੂਪ ਵਿੱਚ ਦਿੱਤੀ ਗਈ ਰਾਸ਼ੀ ਅਗਲੀਆਂ ਤਨਖ਼ਾਹਾਂ ਵਿੱਚ ਅਡਜਸਟ ਕਰਨ ਦੀ ਆਗਿਆ ਦੇ ਦਿੱਤੀ ਜਾਵੇ ਪਰ ਹੁਣ ਕਰਫਿਊ ਅਤੇ ਬੰਦ ਦੌਰਾਨ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਜਾਂ ਨਕਦ ਦੇਣ ਲਈ ਪਬੰਦ ਕੀਤਾ ਜਾਵੇ ।