ਮਨਪ੍ਰੀਤ ਸਿੰਘ ਜੱਸੀ
- ਵਾਹਿਗੁਰੂ ਮਹਾਂਮਾਰੀ ਤੋਂ ਲੋਕਾਈ ਨੂੰ ਬਚਾਏ-ਸੁਖਜਿੰਦਰ ਸਿੰਘ ਰੰਧਾਵਾ
ਅੰਮ੍ਰਿਤਸਰ, 1 ਮਈ 2020 - 'ਕੋਰੋਨਾ ਰੂਪੀ ਮਹਾਂਮਾਰੀ ਜਿਸਦਾ ਅਜੇ ਤੱਕ ਡਾਕਟਰੀ ਵਿਗਿਆਨ ਕੋਲ ਕੋਈ ਇਲਾਜ ਨਹੀਂ ਹੈ, ਤੋਂ ਕੇਵਲ ਵਾਹਿਗੁਰੂ ਹੀ ਲੋਕਾਈ ਨੂੰ ਬਚਾਅ ਸਕਦਾ ਹੈ, ਸੋ ਅੱਜ ਮੈਂ ਸਰਬਤ ਦੇ ਭਲੇ ਦੀ ਅਰਦਾਸ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਹਾਂ।' ਉਕਤ ਸਬਦਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਨਾਲ ਇਸ ਮੌਕੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੀ ਹਾਜ਼ਰ ਸਨ।
ਰੰਧਾਵਾ ਨੇ ਕਿਹਾ ਕਿ ਜਦੋਂ ਦਵਾ ਕੰਮ ਨਾ ਕਰੇ ਤਾਂ ਦੁਆ ਕੰਮ ਕਰਦੀ ਹੈ, ਸੋ ਮੈਂ ਇੱਥੇ ਗੁਰੂ ਰਾਮਦਾਸ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਲਈ ਹੀ ਆਇਆ ਹਾਂ। ਕਰੀਬ 2 ਘੰਟੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਬਤੀਤ ਕਰਦੇ ਵਕਤ ਸ. ਰੰਧਾਵਾ ਨੇ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕੀਤਾ, ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਬੈਠ ਕੇ ਕਰੀਬ ਇਕ ਘੰਟਾ ਕੀਰਤਨ ਸਰਵਣ ਕੀਤਾ। ਸਬੱਬ ਨਾਲ ਉਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਲੋਕਾਈ ਨੂੰ ਔਖੀ ਘੜੀ ਤੋਂ ਕੱਢਣ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸ਼ਬਦ ਹੀ ਗਾ ਰਹੇ ਸਨ।। ਇਸ ਮਗਰੋਂ ਸ. ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਉਨਾਂ ਕਿਹਾ ਕਿ ਮੈਨੂੰ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਬੇਹੱਦ ਅਨੰਦ ਆਇਆ, ਪਰ ਕਰਫਿਊ ਕਾਰਨ ਸੰਗਤ ਦੀ ਘਾਟ ਵੀ ਮਨ ਨੂੰ ਮਹਿਸੂਸ ਹੋਈ। ਉਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਕਰੇ ਕਿ ਛੇਤੀ ਹੀ ਮੁੜ ਪਹਿਲਾਂ ਦੀ ਤਰਾਂ ਰੌਣਕ ਲੱਗੇ ਤੇ ਸੰਗਤ ਬੇਰੋਕ-ਟੋਕ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ।