ਪੱਕੇ ਹੱਲ ਲਈ ਯਤਨ ਜਾਰੀ : ਐਸ.ਐਸ.ਪੀ. ਡਾ. ਭਾਰਗਵ
ਅਸ਼ੋਕ ਵਰਮਾ
ਮਾਨਸਾ, 13 ਅਪ੍ਰੈਲ 2020: ਮਾਨਸਾ ਦੇ ਕੋਟ ਦੇ ਟਿੱਬੇ ਵਾਲੇ ਏਰੀਆ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਸੀਵਰੇਜ ਦਾ ਪਾਣੀ ਸੜਕ ਅਤੇ ਪਲਾਟਾਂ ਵਿੱਚ ਖੜੇ ਹੋਣ ਦਾ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਮੌਕੇ ‘ਤੇ ਜਾ ਕੇ ਸਬੰਧਤ ਵਿਭਾਗਾਂ ਰਾਹੀਂ ਤੁਰੰਤ ਅਸਥਾਈ ਤੌਰ ਤੇ ਾੱਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਇਸ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਜ਼ਰੂਰੀ ਫੰਡ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ, ਤਾਂ ਜੋ ਇਸ ਇਲਾਕੇ ਦੀ ਸੀਵਰੇਜ ਦੀ ਸਮੱਸਿਆਂ ਅਤੇ ਗਲੀਆਂ-ਨਾਲੀਆ ਨੂੰ ਸਹੀ ਢੰਗ ਨਾਲ ਬਣਵਾ ਕੇ ਪੱਕਾ ਹੱਲ ਕੱਢਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਬਾਅਦ ਸੀਵਰੇਜ ਬੋਰਡ ਦੀਆਂ ਮਸ਼ੀਨਾ ਲਗਾ ਕੇ ਪਾਣੀ ਦੀ ਆਰਜ਼ੀ ਤੌਰ ‘ਤੇ ਨਿਕਾਸੀ ਕਰਵਾਈ ਗਈ। ਉਨਾਂ ਦੱਸਿਆ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਸੀਵਰੇਜ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਤਕਰੀਬਨ 12000 ਦੀ ਆਬਾਦੀ ਹੈ ਅਤੇ ਸੀਵਰੇਜ਼ ਓਵਰਫਲੋਅ ਸਬੰਧੀ ਮਿਲੀ ਜਾਣਕਾਰੀ ਦਾ ਪਤਾ ਲੱਗਣ ਉਪਰੰਤ ਇਹ ਮਸਲਾ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆਂਦਾ ਗਿਆ। ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸੀਵਰੇਜ ਬੋਰਡ ਦੇ ਐਕਸੀਅਨ ਅਤੇ ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਖੁਦ ਵੀ ਇਸ ਇਲਾਕੇ ਦਾ ਮੌਕੇ ‘ਤੇ ਨਿਰੀਖਣ ਕੀਤਾ।
ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਵਿਲੇਜ ਪੁਲਿਸ ਅਫਸਰ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਉਨਾਂ ਦੱਸਿਆ ਕਿ ਵਿਲੇਜ ਪੁਲਿਸ ਅਫਸਰ ਦੇ ਲੱਗਣ ਨਾਲ ਪ੍ਰਸ਼ਾਸਨ ਨੂੰ ਹੇਠਲੇ ਪੱਧਰ ‘ਤੋ ਆਮ ਲੋਕਾਂ ਦੀਆ ਸਮੱਸਿਆਵਾਂ ਦਾ ਪਤਾ ਲਗਦਾ ਹੈ ਅਤੇ ਪ੍ਰਸਾਸ਼ਨ ਵੱਲੋਂ ਵੀ ਉਨਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਲੋਕਾਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰ-ਘਰ ਮੁਹੱਈਆ ਕਰਵਾਈਆ ਜਾਣ ਅਤੇ ਉਹਨਾਂ ਨੂੰ ਕੋਈ ਸਮੱਸਿਆ ਨਹੀ ਆਉਣੀ ਚਾਹੀਦੀ। ਉਨਾਂ ਦੱਸਿਆ ਕਿ ਜਿਸਦੇ ਮੱਦੇਨਜ਼ਰ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਕੰਟਰੋਲ ਰੂਮ ਮਾਨਸਾ, ਪੁਲਿਸ ਕੰਟਰੋਲ ਰੂਮ ਮਾਨਸਾ, ਪੁਲਿਸ ਹੈਲਪ ਲਾਈਨ-112 ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਅੰਦਰ ਸ਼ੁਰੂ ਕੀਤੀ ਗਈ ਵਿਲੇਜ ਪੁਲਿਸ ਅਫਸਰ ਤੇ ਪਿੰਡ ਵਾਈਜ ਕਮੇਟੀਆਂ ਰਾਹੀ ਲੋਕਾਂ ਦੀਆ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਹਾਸਲ ਕੀਤਾ ਜਾ ਰਿਹਾ ਹੈ ਅਤੇ ਉਨਾਂ ਦਾ ਢੁੱਕਵਾ ਹੱਲ ਕੀਤਾ ਜਾ ਰਿਹਾ ਹੈ।