ਅਸ਼ੋਕ ਵਰਮਾ
- ਕਿਸੇ ਵੀ ਲੋੜਵੰਦ ਪਰਿਵਾਰ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਭੁੱਖਾ
ਬਠਿੰਡਾ, 29 ਮਾਰਚ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਕੌਮਾਂਤਰੀ ਪੱਧਰ 'ਤੇ ਫ਼ੈਲੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਰਾਹਤ ਕਾਰਜਾਂ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਦੇ 5ਵੇਂ ਦਿਨ ਐਤਵਾਰ ਨੂੰ ਬਠਿੰਡਾ ਸ਼ਹਿਰ ਦੇ ਸਲੱਮ ਏਰੀਏ ਵਿੱਚ ਰਹਿੰਦੇ 1 ਹਜ਼ਾਰ ਹੋਰ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲੇ ਅੰਦਰ ਲੋੜਵੰਦ ਪਰਿਵਾਰਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਜੋਂ 2 ਹਜ਼ਾਰ ਪਰਿਵਾਰਾਂ ਨੂੰ ਲੋੜੀਂਦਾ ਇੱਕ ਹਫ਼ਤਾ ਦਾ ਲੋੜੀਂਦਾ ਰਾਸ਼ਨ ਉਨਾਂ ਦੇ ਘਰਾਂ ਤੱਕ ਜਾ ਕੇ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨਾਂ ਇਹ ਵੀ ਦੱਸਿਆ ਕਿ ਐਤਵਾਰ ਨੂੰ 1 ਹਜ਼ਾਰ ਦੇ ਪਰਿਵਾਰਾਂ ਨੂੰ ਅਤੇ ਕੱਲ ਸੋਮਵਾਰ ਨੂੰ ਹੋਰ 2 ਹਜ਼ਾਰ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇੱਕ ਹਫ਼ਤੇ ਲਈ ਪੈਕਟਾਂ ਵਿਚ ਦਿੱਤੇ ਜਾ ਰਹੇ ਇਸ ਰਾਸ਼ਨ ਵਿੱਚ ਖੰਡ, ਚਾਹ ਪੱਤੀ, ਦਾਲਾਂ, ਤੇਲ, ਹਲਦੀ, ਮਿਰਚ-ਮਸਾਲਾ ਅਤੇ ਨਮਕ ਆਦਿ ਸ਼ਾਮਲ ਹਨ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਵਿਚ ਲੋੜਵੰਦਾਂ ਦੀ ਮਦਦ ਲਈ ਕਾਂਗਰਸ ਦੀ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖ਼ੜੀ ਹੈ। ਉਨਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਲੋੜਵੰਦ ਨੂੰ ਤੋਂ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਦੇ ਮੱਦੇਨਜ਼ਰ ਅੱਜ ਇੱਥੋਂ ਦੇ ਸ਼ਿਵ ਕਲੋਨੀ, ਜਨਤਾ ਨਗਰ, ਊਧਮ ਸਿੰਘ ਨਗਰ, ਧੋਬੀਆਣਾ ਬਸਤੀ, ਵਾਰਡ ਨੰਬਰ-2 ਵਿਚ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਯਮ ਰਹਿਣ ਤੇ ਕਿਸੇ ਵੀ ਬੁਖ਼ਲਾਹਟ ਵਿਚ ਨਾ ਆਉਣ।