ਬਠਿੰਡਾ, 3 ਅਪ੍ਰੈਲ 2020 - ਜ਼ਿਲ੍ਹਾ ਬਠਿੰਡਾ ਵਿਚ ਸਹਿਕਾਰਤਾ ਵਿਭਾਗ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਹੈ। ਵਿਭਾਗ ਦੀਆਂ ਸਹਿਕਾਰੀ ਸਭਾਵਾਂ ਪਿੰਡਾਂ ਵਿਚ ਕਿਸਾਨਾਂ ਨੂੰ ਬੀਜ, ਖਾਦ, ਕੀਟਨਾਸ਼ਕ, ਪਸ਼ੂ ਫੀਡ ਆਦਿ ਮੁਹੱਈਆ ਕਰਵਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਿਪਟੀ ਰਜਿਸਟਰਾਰ ਅਨਿਲ ਮੁਰਾਰੀ ਅਤੇ ਏਆਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਕਰਫਿਊ ਲਗਾਉਣ ਦੀ ਮਜਬੂਰੀ ਅਤੇ ਸੋਸ਼ਲ ਡਿਸਟੈਸਿੰਗ ਦਾ ਮਹੱਤਵ ਵੀ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਆਪਣੀ ਸਭਾ ਤੋਂ ਜਰੂਰੀ ਵਸਤਾਂ ਦੀ ਖਰੀਦ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀਆਂ ਆਪਣੀਆਂ ਸੰਸਥਾਵਾਂ ਹੁੰਦੀਆਂ ਹਨ ਅਤੇ ਵਿਭਾਗ ਨੇ ਇੰਨਾਂ ਨੂੰ ਕਿਸਾਨਾਂ ਲਈ ਖੋਲ੍ਹ ਦਿੱਤਾ ਹੈ।
ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕਿਸਾਨਾਂ ਦੇ ਵੱੜੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਹਿਕਾਰੀ ਸਭਾਵਾਂ ਨੂੰ ਖੋਲ੍ਹਿਆ ਗਿਆ ਹੈ ਪਰ ਕਿਸਾਨ ਇੱਥੇ ਬੀਜ, ਖਾਦ ਆਦਿ ਦੀ ਖਰੀਦ ਲਈ ਹੀ ਆਉਣ ਅਤੇ ਵੱਧ ਤੋਂ ਵੱਧ ਘਰਾਂ ਅੰਦਰ ਹੀ ਰਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਸਮਾਜ ਲਈ ਮੁਸਕਿਲ ਸਮਾਂ ਹੈ ਅਤੇ ਸਾਨੂੰ ਸਭ ਨੂੰ ਘਰ ਦੇ ਅੰਦਰ ਰਹਿ ਕੇ ਕਰੋਨਾ ਦੇ ਚੱਕਰ ਨੂੰ ਤੋੜਨ ਵਿਚ ਆਪਣੀ ਭੁਮਿਕਾ ਨਿਭਾਉਣੀ ਚਾਹੀਦੀ ਹੈ।
ਏ.ਆਰ. ਰੁਪਿੰਦਰ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵੱਲੋਂ ਵਾਜਬ ਕੀਮਤਾਂ ਤੇ ਮਿਆਰੀ ਉਤਪਾਦ ਮੁਹਈਆ ਕਰਵਾਏ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਖੇਤੀ ਲਈ ਲੋੜੀਂਦੀਆਂ ਸਾਰੀਆਂ ਬੁਨਿਆਦੀ ਵਸਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਅਗਾਮੀ ਸਾਊਣੀ ਲਈ ਖਾਦਾਂ, ਕੀਟਨਾਸਕਾਂ ਅਤੇ ਹੋਰ ਸਮਾਨ ਦੀ ਵਿਵਸਥਾ ਜਰੂਰਤ ਅਨੁਸਾਰ ਕੀਤੀ ਜਾ ਰਹੀ ਹੈ।
ਮੰਡੀ ਕਲਾਂ ਵਿਚ ਕੀਤੀ ਸਪ੍ਰੇਅ
ਓਧਰ ਨਗਰ ਪੰਚਾਇਤ ਮੰਡੀਕਲਾਂ ਵੱਲੋਂ ਆਪਣੇ ਖੇਤਰ ਵਿਚ ਅੱਜ ਸੋਡੀਅਮ ਹਾਈਪੋਕਲੋਰਾਇਡ ਦਾ ਛਿੜਕਾਅ ਕਰਵਾਇਆ ਗਿਆ। ਕਾਰਜ ਸਾਧਕ ਅਫ਼ਸਰ ਭਰਤਵੀਰ ਸਿੰਘ ਨੇ ਦੱਸਿਆ ਕਿ ਇਸ ਤਰੀੇਕੇ ਨਾਲ ਜਨਤਕ ਥਾਂਵਾਂ ਨੂੰ ਰੋਗਾਣੂਮੁਕਤ ਕੀਤਾ ਹੈ। ਇਸ ਤੋਂ ਬਿਨਾਂ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਨੂੰ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਰਾਸਨ ਵੀ ਵੰਡਿਆ ਜਾ ਰਿਹਾ ਹੈ।
ਬੈਂਕਾਂ ਨੇ ਸਮਾਜਿਕ ਦੂਰੀ ਲਈ ਕੀਤੇ ਪ੍ਰਬੰਧ
ਕਈ ਦਿਨਾਂ ਬਾਅਦ ਜ਼ਿਲੇ ਵਿਚ ਬੈਂਕਾ ਆਮ ਲੋਕਾਂ ਲਈ ਖੁੱਲੀਆਂ। ਇਸ ਦੌਰਾਨ ਬੈਂਕਾਂ ਵੱਲੋਂ ਭੀੜ ਨਿਯੰਤਰਨ ਅਤੇ ਲੋਕਾਂ ਵਿਚ ਆਪਸੀ ਫਾਸਲਾ ਬਣਾਈ ਰੱਖਣ ਲਈ ਢੁਕਵੇਂ ਇੰਤਜਾਮ ਕੀਤੇ ਗਏ। ਇਸ ਤਹਿਤ ਬੈਂਕ ਦੇ ਬਾਹਰ ਲਾਈਨ ਵਿਚ ਲੱਗੇ ਗ੍ਰਾਹਕਾਂ ਦੇ ਖੜੇ ਹੋਣ ਲਈ ਕਲੀ ਨਾਲ ਗੋਲੇ ਬਣਾਏ ਗਏ ਸਨ ਜਿੱਥੇ ਗ੍ਰਾਹਕ ਦੂਰ ਦੂਰ ਖੜੇ ਹੋ ਸਕਨ। ਇਸ ਤੋਂ ਬਿਨਾਂ ਬੈਂਕਾਂ ਵਿਚ ਸੈਨੇਟਾਈਜਰ ਵੀ ਰੱਖੇ ਗਏ ਸਨ। ਲੋਕਾਂ ਨੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।