ਵਿਭਾਗ ਦੇ ਇੰਸਪੈਕਟਰਾਂ ਨੇ ਘਰ-ਘਰ ਜਾ ਕੇ ਸੁਰੱਖਿਆ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਬਾਰੇ ਦੱਸਿਆ
ਐਸ ਏ ਐਸ ਨਗਰ, 05 ਜੁਲਾਈ 2020: 'ਮਿਸ਼ਨ ਫਤਿਹ' ਨੂੰ ਹਰਮਨ ਪਿਆਰਾ ਬਣਾਉਣ ਲਈ ਪੂਰਜੋਰ ਕੋਸ਼ਿਸ਼ਾਂ ਕਰਨ ਵਾਲੇ ਵਿਭਾਗਾਂ ਦੀ ਲੰਬੀ ਸੂਚੀ ਵਿਚ ਸ਼ਾਮਲ ਹੁੰਦੇ ਹੋਏ ਸਹਿਕਾਰਤਾ ਵਿਭਾਗ ਨੇ ਅੱਜ ਜ਼ਿਲੇ ਦੀਆਂ ਤਿੰਨ ਸਬ-ਡਵੀਜਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਵਿਚ ਜਾ ਕੇ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ।
ਡਿਪਟੀ ਰਜਿਸਟਰਾਰ ਮੁਹਾਲੀ ਸੁੱਚਰੀਤ ਕੌਰ ਚੀਮਾ ਦੀ ਅਗਵਾਈ ਹੇਠ ਮਿਸ਼ਨ ਫਤਿਹ ਮੁਹਿੰਮ ਵਿਚ ਹਿੱਸਾ ਪਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਘਰ-ਘਰ ਜਾ ਕੇ ਮੁਹਿੰਮ ਚਲਾਈ ਜਿਸ ਵਿਚ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਰੀ ਕੀਤੀਆਂ ਗਈਆਂ ਸੁਰੱਖਿਆ ਸਾਵਧਾਨੀਆਂ ਜਿਵੇਂ ਬਾਹਰ ਨਿਕਲਣ ਵੇਲੇ ਮਾਸਕ ਪਹਿਨਣ, ਸਾਬਣ ਅਤੇ ਸੈਨੀਟਾਈਜ਼ਰ ਨਾਲ ਹੱਥ ਧੋਣੇ ਅਤੇ ਸਮਾਜਕ ਦੂਰੀ ਨੂੰ ਬਣਾਈ ਰੱਖਣਾ ਆਦਿ ਦੀ ਸਖਤੀ ਨਾਲ ਪਾਲਣਾ ਕਰਨ ਲਈ ਜਾਗਰੂਕ ਕੀਤਾ। ਵਿਭਾਗ ਦੇ ਇੰਸਪੈਕਟਰਾਂ ਨੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਿਵੇਂ ਕਰਨੀ ਹੈ ਇਸ ਬਾਰੇ ਵਿਹਾਰਕ ਤੌਰ ਤੇ ਦੱਸਿਆ।
ਇਸ ਨੇਕ ਮਿਸ਼ਨ ਵਿਚ ਸਹਾਇਤਾ ਦੇਣ ਲਈ ਵੱਖ ਵੱਖ ਸਹਿਕਾਰੀ ਸਭਾਵਾਂ ਜਿਵੇਂ ਕਿ ਮਿਲਕ ਡਿਸਟ੍ਰੀਬਿਊਸ਼ਨ ਸਹਿਕਾਰੀ ਸਭਾਵਾਂ, ਅਤੇ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ, ਨੇ ਮਾਸਕ, ਪੈਂਫਲਿਟ ਅਤੇ ਸੈਨੀਟਾਈਜ਼ਰ ਵੀ ਵੰਡੇ।
ਮੁਹਿੰਮ ਦੇ ਦੌਰਾਨ, ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਅੱਜ ਤੱਕ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਉਪਲਬਧ ਨਹੀਂ ਹੈ, ਇਸ ਲਈ ਸਾਵਧਾਨੀ ਵਰਤਣਾ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਦਾ ਇਕੋ ਇਕ ਰਸਤਾ ਹੈ।
ਮੁਹਿੰਮ ਵਿਚ ਸਹਾਇਕ ਰਜਿਸਟਰਾਰ ਮੁਹਾਲੀ ਜਸਵਿੰਦਰ ਸਿੰਘ ਅਤੇ ਸਹਾਇਕ ਰਜਿਸਟਰਾਰ ਡੇਰਾਬਸੀ ਈਸ਼ਾ ਸ਼ਰਮਾ, ਇੰਸਪੈਕਟਰ ਯਤਿੰਦਰ. ਜੇ ਸਿੰਘ, ਤਨਵੀਰ ਕੋਹਲੀ, ਜਸਪ੍ਰੀਤ ਕੌਰ, ਜੋਤੀ ਚੌਹਾਨ, ਅਤੇ ਅਕਸ਼ਤ ਪੁਨੀਆ ਸ਼ਾਮਲ ਸਨ।
ਇਸ ਦੌਰਾਨ ਡਿਪਟੀ ਰਜਿਸਟਰਾਰ ਸੁੱਚਰੀਤ ਕੌਰ ਚੀਮਾ ਨੇ ਇਹ ਵੀ ਕਿਹਾ ਕਿ ਇਸ ਲਹਿਰ ਦੇ ਲੋਕਾਂ ਦੀ ਲਹਿਰ ਬਣਨ ਅਤੇ ਪੂਰੇ ਰਾਜ ਵਿੱਚ ਫੈਲਣ ਤੱਕ ਅਜਿਹੀਆਂ ਮੁਹਿੰਮਾਂ 15 ਦਿਨਾਂ ਬਾਅਦ ਦੁਹਰਾਈ ਜਾਣਗੀਆਂ।