ਅਸ਼ੋਕ ਵਰਮਾ
ਬਠਿੰਡਾ, 15 ਮਈ 2020 - ਬਠਿੰਡਾ ਜ਼ਿਲ੍ਹੇ ‘ਚ ਫ਼ਸਲੀ ਕਰਜ਼ੇ ‘ਤੇ ਲਾਏ ਕੱਟ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਸਹਿਕਾਰੀ ਬੈਂਕ ਪ੍ਰਬੰਧਕਾਂ ਵੱਲੋਂ ਜਾਰੀ ਫੁਰਮਾਨੀ ਪੱਤਰ ਨੇ ਨਵਾਂ ਪੁਆੜਾ ਪਾ ਦਿੱਤਾ ਹੈ । ਪੱਤਰ ’ਚ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਨੂੰ ਲਿਖਤੀ ਹੁਕਮ ਦਿੱਤੇ ਗਏ ਹਨ ਕਿ ਜਿੰਨਾਂ ਵਿਅਕਤੀਆਂ ਨੇ ਪਿਛਲੀ ਵਾਰ ਬੈਂਕ ਤੋਂ ਲਿਆ ਕਰਜਾ ਨਹੀਂ ਕਢਵਾਇਆ ਉਨਾਂ ਨੂੰ ਕਰਜਾ ਨਹੀਂ ਦੇਣਾ ਹੈ। ਰੌਚਕ ਤੱਥ ਹੈ ਕਿ ਇਹ ਉਸ ਬੈਂਕ ਦਾ ਵਰਤਾਰਾ ਹੈ ਜਿਸ ਦਾ ਚੇਅਰਮੈਨ ਮਾਲ ਮੰਤਰੀ ਪੰਜਾਬ ਦਾ ਪੁੱਤਰ ਹੈ। ਸਹਿਕਾਰੀ ਸਭਾਵਾਂ ਦੇ ਸਕੱਤਰ ਆਖਦੇ ਹਨ ਕਿ ਅਜਿਹੀ ਸਮੱਸਿਆ ਹੋਰ ਕਿਸੇ ਵੀ ਜਿਲ੍ਹੇ ਵਿੱਚ ਨਹੀਂ ਹੈ। ਇਸ ਮਾਮਲੇ ਦਾ ਉਦੋਂ ਖੁਲਾਸਾ ਹੋਇਆ ਜਦੋਂ ਅੱਜ ਕੁੱਝ ਕਿਸਾਨ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ’ਚ ਆਪਣੀਆਂ ਜਰੂਰਤਾਂ ਨੂੰ ਦੇਖਦਿਆਂ ਹੱਦ ਕਰਜਾ ਕਢਵਾਉਣ ਗਏ ਸਨ। ਬੈਂਕ ਵੱਲੋਂ ਜਵਾਬ ਦੇਣ ਤੇ ਕਿਸਾਨਾਂ ’ਚ ਨਿਰਾਸ਼ਾ ਦਾ ਮਹੌਲ ਬਣ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਜਮੀਨ ਦੇ ਅਧਾਰ ਤੇ ਹੱਦ ਕਰਜਾ ਬਣਵਾ ਲਿਆ ,ਇਸ ਲਈ ਉਨਾਂ ਦੀ ਮਰਜੀ ਹੈ ਉਹ ਕਰਜਾ ਵਰਤਣ ਜਾਂ ਨਾਂ ਖਾਤੇ ’ਚ ਰਹਿਣ ਦੇਣ।
ਇਸ ਸਮੱਸਿਆ ਦਾ ਪਤਾ ਲੱਗਣ ਤੇ ਪੰਜਾਬ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਦੇ ਆਗੂਆਂ ਨੇ ਵੀ ਬੈਂਕ ਪ੍ਰਬੰਧਕਾਂ ਨਾਲ ਮੁਲਾਕਾਤ ਕਰਕੇ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਹੈ। ਬੈਂਕ ਦਾ ਰਵਈਆ ਸਾਹਮਣੇ ਆਉਣ ਤੋਂ ਬਾਅਦ ਸਹਿਕਾਰੀ ਸਭਾਵਾਂ ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਰਜਾ ਜਾਰੀ ਨਾਂ ਕੀਤਾ ਤਾਂ ਉਹ ਨੂੰ ਸੰਘਰਸ਼ ਦੇ ਰਾਹ ਪੈਣਗੇ। ਤਾਜਾ ਫੈਸਲੇ ਨਾਲ ਯੂਨੀਅਨ ਅਤੇ ਬੈਂਕ ਪ੍ਰਬੰਧਕਾਂ ਵਿਚਕਾਰ ਟਕਰਾਅ ਦਾ ਖਤਰਾ ਬਣ ਗਿਆ ਹੈ।
ਅੱਜ ਬੈਂਕ ’ਚ ਕਰਜਾ ਰਾਸ਼ੀ ਲੈਣ ਪਹੁੰਚੇ ਪੀੜਤ ਕਿਸਾਨ ਗੁਰਜੰਟ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਪਾਲ ਸਿੰਘ, ਮਨਜੀਤ ਸਿੰਘ ,ਗੁਰਲਾਲ ਸਿੰਘ ਅਤੇ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਕਰਕੇ ਉਹ ਤਾਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਉੱਪਰੋਂ ਬੈਂਕ ਨੇ ਉਨਾਂ ਨੂੰ ਕਸੂਤੇ ਫਸਾ ਦਿੱਤਾ ਹੈ। ਉਨਾਂ ਆਖਿਆ ਕਿ ਦੁਨੀਆਂ ਭਰ ਦੇ ਬੈਂਕ ਕਿਸਾਨਾਂ ਨੂੰ ਕਰਜਾ ਦਿੰਦੇ ਹਨ ਪਰ ਸਹਿਕਾਰੀ ਬੈਂਕ ਬਠਿੰਡਾ ਵਾਲਾ ਵਤੀਰਾ ਕਦੇ ਨਹੀਂ ਦੇਖਿਆ ਹੈ। ਉਨਾਂ ਦੱਸਿਆ ਕਿ ਫਸਲਾਂ ਵਿਕਣ ਕਾਰਨ ਬਿਜਾਈ ’ਚ ਦੇਰੀ ਹੋ ਰਹੀ ਹੈ ਜਿਸ ਲਈ ਲੇਬਰ ਆਦਿ ਦਾ ਹੱਲ ਕੱਢਣ ਲਈ ਉਨਾਂ ਨੂੰ ਪੈਸਿਆਂ ਦੀ ਜਰੂਰਤ ਹੈ ਜਦੋਂਕਿ ਅਧਿਕਾਰੀ ਉਨਾਂ ਦਾ ਦੁੱਖ ਨਹੀਂ ਸਮਝ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਉਨਾਂ ਨੇ ਆਪਣੀ ਸਥਿਤੀ ਤੋਂ ਬੈਂਕ ਨੂੰ ਦੱਸੀ ਹੈ ਫਿਰ ਵੀ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ ਹੈ । ਉਨਾਂ ਆਖਿਆ ਕਿ ਕਰਫਿਊ ਦੌਰਾਨ ਬੈਂਕ ਦਾ ਸਮਾਂ ਸਵੇਰੇ 9 ਤੋਂ 1 ਵਜੇ ਤੱਕ ਦਾ ਕੀਤਾ ਹੋਇਆ ਹੈ। ਇਸ ਕਰਕੇ ਉਹ ਖੇਤੀ ਧੰਦੇ ਛੱਡ ਕੇ ਬਠਿੰਡਾ ਆਏ ਸਨ ਪਰ ਬੈਂਕ ਦੇ ਅਫਸਰਾਂ ਦੀ ਮਿਹਰ ਦੀ ਉਡੀਕ ਕਰਦੇ ਹੋਏ ਖਾਲੀ ਹੱਥ ਵਾਪਸ ਚਲੇ ਗਏ ਹਨ। ਕਿਸਾਨ ਆਖਦੇ ਹਨ ਕਿ ਕੇਂਦਰ ਸਰਕਾਰ ਮਹਾਂਮਾਰੀ ਦੌਰਾਨ 20 ਲੱਖ ਕਰੋੜ ਦਾ ਪੈਕਜ ਦੇਣ ਦਾ ਦਗਮਜੇ ਮਾਰ ਰਹੀ ਹੈ ਪਰ ਕਿਸਾਨ ਆਪਣਾ ਕਰਜਾ ਲੈਣ ਲਈ ਵੀ ਧੱਕੇ ਖਾ ਰਹੇ ਹਨ।
ਬੈਂਕ ਖਿਲਾਫ ਮੋਰਚਾ ਲਾਉਣ ਦੀ ਧਮਕੀ
ਪੇਂਡੂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸੀ ਸੂਬਾ ਕਮੇਟੀ ਦੇ ਮੈਂਬਰ ਜਸਕਰਨ ਸਿੰਘ ਕੋਟਸ਼ਮੀਰ ਅਤੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਸਿਫਤ ਕਰਕੇ ਪੈਕੇਜ ਦੀ ਗੱਲ ਕਰਦੇ ਹਨ ਪਰ ਸਹਿਕਾਰੀ ਬੈਂਕ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਉਨਾਂ ਕਿਹਾ ਕਿ ਇਹ ਕਿੱਥੇ ਲਿਖਿਆ ਹੈਂ ਕਿ ਕਿਸਾਨ ਆਪਣਾ ਕਰਜਾ ਵਰਤੇ ਪਰ ਬੈਂਕ ਅਧਿਕਾਰੀ ਅੜੀ ਕਰੀ ਬੈਠੇ ਹਨ। ਉਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਰਜਾ ਨਾਂ ਮਿਲਿਆ ਤਾਂ ਉਹ ਕਿਸਾਨ ਯੂਨਂਅਨਾਂ ਦੇ ਸਹਿਯੋਗ ਨਾਲ ਬੈਂਕ ਪ੍ਰਬੰਧਕਾਂ ਖਿਲਾਫ ਮੋਰਚਾ ਲਾਉਣਗੇ।
ਕੇਂਦਰੀ ਸਹਿਕਾਰੀ ਬੈਂਕ ਚੰਡੀਗੜ ਦਾ ਫੈਸਲਾ:ਡੀਐਮ
ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਜਿਲਾ ਮੈਨੇਜਰ ਨਿਪਨ ਗਰਗ ਦਾ ਕਹਿਣਾ ਸੀ ਕਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚੰਡੀਗੜ ਨੇ ਫਰਾਡ ਵਗੈਰਾ ਰੋਕਣ ਲਈ ਪਿਛਲੇ ਇੱਕ ਦੋ ਸੀਜ਼ਨ ਦੌਰਾਨ ਕੋਈ ਲੈਣ ਦੇਣ ਨਾਂ ਕਰਨ ਵਾਲੇ ਖਾਤਿਆਂ ਨੂੰ ਫਰੀਜ਼ ਕਰਨ ਲਈ ਕਿਹਾ ਹੈ । ਉਨਾਂ ਦੱਸਿਆ ਕਿ ਕਿਸਾਨ ਸਬੰਧਤ ਬੈਂਕ ਰਾਹੀਂ ਕੁੱਝ ਕਾਰਵਾਈ ਕਰਨ ਜਿਸ ਨੂੰ ਉਹ ਮੰਨਜੂਰੀ ਦੇ ਦੇਣਗੇ। ਉਨਾਂ ਆਖਿਆ ਕਿ ਅਸਲ ’ਚ ਗੱਲ ਕੋਈ ਵੱਡੀ ਨਹੀਂ ,ਬੱਸ ਇੱਕ ਮਸਲਾ ਜਿਹਾ ਬਣਾ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਬੈਂਕ ਦੇ ਨਿਯਮ ਤਾਂ ਮੰਨਣੇ ਹੀ ਪੈਣੇ ਹਨ।
ਮੈਨੇਜਿੰਗ ਡਾਇਰੈਕਟਰ ਨੇ ਪੱਲਾ ਝਾੜਿਆ
ਇਸ ਸਬੰਧ ’ਚ ਬੈਂਕ ਦਾ ਪੱਖ ਜਾਨਣ ਲਈ ਸਹਿਕਾਰੀ ਬੈਂਕ ਬਠਿੰਡਾ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਨੇ ਪੱਲਾ ਝਾੜ ਲਿਆ ਹੈ। ਉਨਾਂ ਨਾਲ ਸੰਪਰਕ ਕੀਤਾ ਤਾਂ ਉਨਾਂ ਆਖਿਆ ਕਿ ਮੇਰੇ ਕੋਲ ਤਿੰਨ ਜਿਲਿਆਂ ਦਾ ਚਾਰਜ ਹੈ ਅਤੇ ਉਹ ਮੀਟਿੰਗ ’ਚ ਹਨ। ਜਦੋਂ ਉਨਾਂ ਨੂੰ ਮੀਟਿੰਗ ਤੋਂ ਵਿਹਲੇ ਹੋਣ ਸਬੰਧੀ ਪੁੱਛਿਆ ਤਾਂ ਉਨਾਂ ਕਿਹਾ ਕਿ ਉਹ ਕੁੱਝ ਕਹਿ ਨਹੀਂ ਸਕਦੇ ਉਹ ਮੋਗੇ ਬੈਠੇ ਹਨ। ਸਹਿਕਾਰਤ ਵਿਭਾਗ ਦੇ ਡਿਪਟੀ ਰਜਿਸਟਰਾਰ ਸੁਨੀਲ ਕੁਮਾਰ ਦੋ ਫੋਨ ਨਹੀਂ ਮਿਲਿਆ।