ਸ਼ਰਾਬ ਦੇ ਠੇਕੇ ਖੋਲ੍ਹਣਾ ਚਾਹੁੰਦੀ ਹੈ ਕੈਪਟਨ ਸਰਕਾਰ , ਕੇਂਦਰ ਤੋਂ ਮੰਗੀ ਇਜਾਜ਼ਤ
ਚੰਡੀਗੜ੍ਹ , 21 ਅਪ੍ਰੈਲ, 2020 : ਪੰਜਾਬ ਸਰਕਾਰ ਨੇ ਰਾਜ ਵਿਚ ਸ਼ਰਾਬ ਦੀ ਵਿੱਕਰੀ ਭਾਵ ਠੇਕੇ ਖੋਲ੍ਹਣ ਦੀ ਇਜਾਜ਼ਤ ਕੇਂਦਰ ਸਰਕਾਰ ਤੋਂ ਮੰਗੀ ਹੈ . ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਖ਼ਤ ਵਿਚ ਇਹ ਕਿਹਾ ਹੈ ਕਿ ਪੰਜਾਬ ਵਿਚ ਪੜਾਅ ਵਾਰ ਸ਼ਰਾਬ ਦੀ ਵਿੱਕਰੀ ਦੀ ਇਜਾਜ਼ਤ ਦਿੱਤੀ ਜਾਵੇ . ਉਨ੍ਹਾਂ ਕਿਹਾ ਕਿ ਲਾਕ ਡਾਊਨ ਕਰਨ ਰਾਜ ਨੂੰ ਪੈ ਰਹੇ ਮਾਲੀ ਘਾਟੇ ਕਰਕੇ ਅਜਿਹਾ ਕਰਨਾ ਜ਼ਰੂਰੀ ਹੈ .
ਸੂਬੇ ਦੀ ਨਾਜ਼ੁਕ ਵਿੱਤੀ ਸਥਿਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪੜਾਅ ਵਾਰ ਢੰਗ ਨਾਲ ਸ਼ਰਾਬ ਦੀ ਵਿੱਕਰੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਤਾਂ ਕਿ ਵੈਟ ਅਤੇ ਆਬਕਾਰੀ ਮਾਲੀਆ ਜੁਟਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਰਾਹਤ ਕਾਰਜਾਂ ਦੇ ਕਦਮਾਂ ਦੇ ਮੱਦੇਨਜ਼ਰ ਪੰਜਾਬ ਦੇ ਖ਼ਜ਼ਾਨੇ 'ਤੇ ਇਸ ਵੇਲੇ ਕਾਫ਼ੀ ਭਾਰ ਪਿਆ ਹੋਇਆ ਹੈ ਜਿਹੜਾ ਨਿਰੰਤਰ ਵਧਦਾ ਹੀ ਜਾਣਾ ਹੈ ਕਿਉਂਕਿ ਮੁਕੰਮਲ ਲੋਕ ਡਾਊਨ ਕਾਰਨ ਵਪਾਰ, ਕਾਰੋਬਾਰ ਤੇ ਉਦਯੋਗ ਬੰਦ ਹੋਣ ਕਰਨ ਮਾਲੀਏ ਦੀ ਕੋਈ ਪ੍ਰਾਪਤੀ ਨਹੀਂ ਹੋ ਰਹੀ ਹੈ।
ਸੂਬਾ ਸਰਕਾਰ ਨੇ ਸੂਬੇ ਦੇ 2020-21 ਬਜਟ ਵਿੱਚ ਅਪ੍ਰੈਲ ਮਹੀਨੇ ਲਈ 3360 ਕਰੋੜ ਦੇ ਮਾਲੀਏ ਦੀ ਪ੍ਰਾਪਤੀ ਦਾ ਅਨੁਮਾਨ ਲਾਇਆ ਸੀ ਜਿਸ ਵਿੱਚ ਜੀ.ਐਸ.ਟੀ. ਦਾ 1322 ਕਰੋੜ ਰੁਪਏ, ਪੈਟਰੋਲੀਅਮ ਉਤਪਾਦਾਂ 'ਤੇ ਵੈਟ ਦਾ 465 ਕਰੋੜ ਰੁਪਏ, ਸੂਬਾਈ ਆਬਕਾਰੀ ਮਾਲੀਏ ਦਾ 521 ਕਰੋੜ ਰੁਪਏ, ਮੋਟਰ ਵਹੀਕਲ ਟੈਕਸ ਦਾ 198 ਕਰੋੜ ਰੁਪਏ, ਬਿਜਲੀ ਕਰ ਦਾ 243 ਕਰੋੜ ਰੁਪਏ, ਸਟੈਂਪ ਡਿਊਟੀ ਦਾ 219 ਕਰੋੜ ਰੁਪਏ ਅਤੇ ਗੈਰ ਕਰਾਂ ਤੋਂ ਮਾਲੀਆ 392 ਕਰੋੜ ਰੁਪਏ ਸ਼ਾਮਲ ਸੀ।
ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਇਹ ਪ੍ਰਾਪਤੀਆਂ ਕਾਫ਼ੀ ਘਟਣ ਆਉਣ ਦੀ ਉਮੀਦ ਹੈ ਕਿਉਂਕਿ ਲੋਕ ਡਾਊਨ ਦੇ ਕਾਰਨ ਸੂਬੇ ਵਿੱਚ ਬਹੁਤੀਆਂ ਆਰਥਿਕ ਗਤੀਵਿਧੀਆਂ ਠੱਪ ਪਈਆਂ ਹਨ। ਐਸ.ਜੀ.ਐਸ.ਟੀ., ਆਈ.ਜੀ.ਐਸ.ਟੀ., ਵੈਟ, ਆਬਕਾਰੀ, ਸਟੈਂਪ ਡਿਊਟੀ ਅਤੇ ਮੋਟਰ ਵਹੀਕਲ ਟੈਕਸਾਂ ਦੇ ਰੂਪ ਵਿੱਚ ਮਾਲੀਆ ਨਿਗੂਣੀਆਂ ਹਨ ਅਤੇ ਬਿਜਲੀ ਦੀ ਖਪਤ ਵਿੱਚ ਕਮੀ ਆਉਣ ਨਾਲ ਅਪ੍ਰੈਲ, 2020 ਦੌਰਾਨ ਬਿਜਲੀ ਡਿਊਟੀ ਦੇ ਅਨੁਮਾਨਿਤ ਮਾਲੀਏ ਵਿੱਚ ਵੀ 60 ਫ਼ੀਸਦੀ ਗਿਰਾਵਟ ਆਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਦਸੰਬਰ 2019 ਤੋਂ ਲੈ ਕੇ ਮਾਰਚ 2020 ਤੱਕ ਬੀਤੇ ਚਾਰ ਮਹੀਨਿਆਂ ਦਾ ਸੂਬੇ ਦਾ ਲਗਪਗ 4400 ਕਰੋੜ ਰੁਪਏ ਦਾ ਜੀ.ਐਸ.ਟੀ. ਮੁਆਵਜ਼ਾ ਵੀ ਕੇਂਦਰ ਸਰਕਾਰ ਵੱਲ ਬਕਾਇਆ ਖੜ•ਾ ਹੈ।
ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਕਰਜ਼ ਵਿਵਸਥਾ, ਪੈਨਸ਼ਨਾਂ, ਤਨਖ਼ਾਹਾਂ ਤੇ ਕੋਵਿਡ-19 ਲਈ ਰਾਹਤ ਕਾਰਜਾਂ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਆਦਿ ਲਈ ਅਪ੍ਰੈਲ 2020 ਮਹੀਨੇ ਦਾ 7301 ਕਰੋੜ ਰੁਪਏ ਦਾ ਬਜਟ ਹੈ ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਮਾਲੀਏ ਅਤੇ ਪੱਕੇ ਖ਼ਰਚਿਆਂ ਦਰਮਿਆਨ ਵਸੀਲਿਆਂ ਦਾ ਵੱਡਾ ਪਾੜਾ ਹੈ।
ਪੂਰਾ ਖਤ ਪੜ੍ਹਨ ਲਈ ਲਿੰਕ ਤੇ ਕਲਿੱਕ ਕਰੋ :