ਹਰਿੰਦਰ ਨਿੱਕਾ
- ਰਾਸ਼ਨ ਦੀ ਵੰਡ ਲਈ ਐਨਐਸਐਸ ਵਲੰਟੀਅਰਾਂ ਦੀਆਂ ਟੀਮਾਂ ਦਾ ਗਠਨ
ਬਰਨਾਲਾ, 3 ਅਪ੍ਰੈਲ 2020 - ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕ੍ਰਾਸ ਰਾਹੀਂ ਲੋੜਵੰਦਾਂ ਤੱਕ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਕਾਰਜ ਵਿੱਚ ਐਨਐਸਐਸ ਤੇ ਹੋਰ ਨੌਜਵਾਨ ਵਲੰਟੀਅਰ ਸਲਾਹੁਣਯੋਗ ਸੇਵਾਵਾਂ ਨਿਭਾਅ ਰਹੇ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਜਿੰਦਲ ਨੇ ਇੱਥੇ ਰੈੱਡ ਕਰਾਸ ਦਫਤਰ ਦੇ ਮੀਟਿੰਗ ਹਾਲ ਵਿਖੇ ਐਨਐਸਐਸ ਵਲੰਟੀਅਰਾਂ ਨਾਲ ਮੀਟਿੰਗ ਅਤੇ ਟੀਮਾਂ ਦੇ ਗਠਨ ਦੌਰਾਨ ਕੀਤਾ।
ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਸ਼ਰਮਾ, ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਵਿਜੈ ਭਾਸਕਰ ਤੇ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਸਰਵਣ ਸਿੰਘ ਵੀ ਮੌਜੂਦ ਸਨ। ਇਸ ਮੌਕੇ ਏਡੀਸੀ ਜਿੰਦਲ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਸਮਾਰਟ ਰਾਸ਼ਨ ਕਾਰਡ ਸਕੀਮ ਤੋਂ ਵਾਂਝੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਰਾਸ਼ਨ ਦੀ ਵੰਡ ਲਈ ਨੌਜਵਾਨ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਵੱਡੀ ਲੋੜ ਹੈ। ਉਨਾਂ ਵੱਖ ਵੱਖ ਇਲਾਕਿਆਂ ਵਿਚ ਰਾਸ਼ਨ ਦੀ ਵੰਡ ਲਈ ਟੀਮਾਂ ਦਾ ਗਠਨ ਕੀਤਾ ਜੋ ਵਿਭਾਗੀ ਅਮਲੇ ਦੇ ਨਾਲ ਰਾਸ਼ਨ ਵੰਡ ਦੀਆਂ ਸੇਵਾਵਾਂ ਨਿਭਾਉਣਗੇ। ਜਿੰਦਲ ਨੇ ਕਿਹਾ ਕਿ ਕਰੋਨਾ ਵਾਇਰਸ ਖਿਲਾਫ ਸਾਂਝੇ ਹੰਭਲੇ ਨਾਲ ਹੀ ਜੰਗ ਜਿੱਤੀ ਜਾ ਸਕਦੀ ਹੈ।