- ਬੈਂਕਾਂ ਦੀਆਂ ਬ੍ਰਾਂਚਾਂ 'ਚ ਜਨਤਕ ਡੀਲਿੰਗ ਨਹੀਂ ਹੋਵੇਗੀ
- 3 ਅਪ੍ਰੈਲ ਤੋਂ ਘੱਟੋ-ਘੱਟ ਸਟਾਫ਼ ਨਾਲ ਹਫ਼ਤੇ 'ਚ ਦੋ ਦਿਨ ਵਾਰੋ-ਵਾਰੀ ਖੁੱਲ੍ਹਣਗੀਆਂ ਬੈਂਕਾਂ
ਪਟਿਆਲਾ, 29 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਕੋਰੋਨਾਵਾਇਰਸ ਨੂੰ ਰੋਕਣ ਤੋਂ ਲਗਾਏ ਕਰਫਿਊ ਤਹਿਤ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਸਰਕਾਰੀ ਵਿੱਤੀ ਲੈਣ-ਦੇਣ, ਸਰਕਾਰੀ ਚੈਕਾਂ ਨੂੰ ਵਿਸ਼ੇਸ਼ ਪ੍ਰਵਾਨਗੀ, ਸਾਲਾਨਾ ਕਲੋਜਿੰਗ ਤਹਿਤ ਬੈਂਕਾਂ ਨੂੰ ਘੱਟੋ-ਘੱਟ ਸਟਾਫ਼ ਬੁਲਾਉਣ ਤਹਿਤ 30 ਅਤੇ 31 ਮਾਰਚ ਨੂੰ ਜ਼ਿਲ੍ਹੇ ਅੰਦਰਲੀਆਂ ਸਾਰੀਆਂ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਨ੍ਹਾਂ ਦਿਨਾਂ ਦੌਰਾਨ ਕੋਈ ਜਨਤਕ ਡੀਲਿੰਗ ਨਹੀਂ ਕੀਤੀ ਜਾਵੇਗੀ।
ਇਸ ਤੋਂ ਬਿਨ੍ਹਾਂ 3 ਅਪ੍ਰੈਲ ਤੋਂ ਸਾਰੀਆਂ ਬੈਂਕਾਂ ਹਫ਼ਤੇ 'ਚ ਦੋ ਦਿਨ ਵਾਰੋ-ਵਾਰੀ (ਰੋਟੇਸ਼ਨ) ਆਧਾਰ 'ਤੇ ਘੱਟੋ-ਘੱਟ ਸਟਾਫ਼ ਨਾਲ ਖੁੱਲ੍ਹਣਗੀਆਂ, ਜਦੋਂਕਿ ਬਾਕੀ ਦਿਨ ਇੱਕ ਤਿਹਾਈ ਬ੍ਰਾਂਚਾਂ ਹੀ ਖੋਲ੍ਹੀਆਂ ਜਾਣਗੀਆ। ਜ਼ਿਲ੍ਹਾ ਮੈਜਿਸਟਰੇਟ ਨੇ ਕਰਫਿਊ 'ਚ ਢਿੱਲ ਦੇਣ ਦਾ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਦਿਸ਼ਾ ਸਲਾਹਕਾਰੀ ਦੇ ਮੱਦੇਨਜ਼ਰ ਕੀਤਾ ਹੈ। ਇਸ ਆਦੇਸ਼ ਮੁਤਾਬਕ ਸਾਰੀਆਂ ਬੈਂਕ ਬ੍ਰਾਂਚਾਂ, ਏ.ਟੀ.ਐਮਜ, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਤੇ ਇੰਜੀਨੀਅਰਿੰਗ ਸਹਾਇਤਾ ਦੇਣ ਵਾਲੇ ਕੰਮ ਕਰਨਗੇ।
ਕਿਊਂਕਿ ਬੈਂਕਿੰਗ ਕਾਰਸਪੌਂਡੈਂਟ ਪੇਂਡੂ ਇਲਾਕਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਲਾਭਪਾਤਰੀਆਂ, ਗਰੀਬਾਂ ਤੇ ਜਰੂਰਤਮੰਦਾਂ ਨੂੰ ਨਗਦੀ ਕਢਵਾਉਣ 'ਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਲਈ ਇਨ੍ਹਾਂ ਨੂੰ ਵੀ ਆਪਣਾ ਕੰਮ ਕਰਨ ਦੀ ਆਗਿਆ ਹੈ ਤੇ ਇਸ ਦੌਰਾਨ ਬੈਂਕਿੰਗ ਯੰਤਰਾਂ ਦੀ ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ।
ਬੀ.ਡੀ.ਪੀ.ਓਜ ਪਿੰਡਾਂ 'ਚ ਸਮਾਜਿਕ ਦੂਰੀ ਤੇ ਕੋਵਿਡ-19 ਤਹਿਤ ਹੋਰ ਸਾਵਧਾਨੀਆਂ ਤੇ ਸਾਫ਼-ਸਫ਼ਾਈ ਰੱਖਣ ਲਈ ਆਪਣੇ ਤੌਰ 'ਤੇ ਜਾਗਰੂਕਤਾ ਫੈਲਾਉਣਗੇ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੋਰੋਨਾਵਾਇਰਸ ਕਾਗ਼ਜ਼, ਕਰੰਸੀ ਨੋਟਾਂ, ਸਿੱਕਿਆਂ ਤੇ ਟੇਬਲ ਸਰਫੇਸ 'ਤੇ ਫੈਲਦਾ ਹੈ, ਇਸ ਲਈ ਨੈਟਬੈਂਕਿੰਗ ਅਤੇ ਮੋਬਾਇਲ ਐਪਲੀਕੇਸ਼ਨਾਂ ਜਰੀਏ ਟਰਾਂਜੈਕਸ਼ਨ ਕੀਤੀ ਜਾਵੇ।