ਮਕਾਨ ਮਾਲਕ ਪ੍ਰਵਾਸੀ ਮਜ਼ਦੂਰ / ਕਾਮਿਆਂ ਤੋਂ ਇੱਕ ਮਹੀਨੇ ਦੀ ਮਿਆਦ ਲਈ ਕਿਰਾਇਆ ਅਦਾ ਕਰਨ ਦੀ ਮੰਗ ਨਹੀਂ ਕਰਨਗੇ
ਮਜ਼ਦੂਰਾਂ / ਵਿਦਿਆਰਥੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਨ ਵਾਲੇ ਮਕਾਨ ਮਾਲਕਾਂ ਖਿਲਾਫ ਆਫ਼ਤ ਪ੍ਰਬੰਧਨ ਐਕਟ ਤਹਿਤ ਕੀਤੀ ਜਾਵੇਗੀ ਕਾਰਵਾਈ
ਐਸ ਏ ਐਸ ਨਗਰ, 29 ਮਾਰਚ 2020: ਉਦਯੋਗਿਕ ਇਕਾਈਆਂ, ਦੁਕਾਨਾਂ ਜਾਂ ਵਪਾਰਕ ਅਦਾਰਿਆਂ ਦੇ ਸਾਰੇ ਮਾਲਕ ਲਾਕਡਾਊਨ ਦੌਰਾਨ ਆਪਣੇ ਅਦਾਰਿਆਂ ਦੇ ਬੰਦ ਹੋਣ ਦੀ ਅਵਧੀ ਦੌਰਾਨ ਆਪਣੇ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਨਿਰਧਾਰਤ ਮਿਤੀ 'ਤੇ, ਬਿਨਾਂ ਕਿਸੇ ਕਟੌਤੀ ਦੇ ਤਨਖਾਹਾਂ ਦਾ ਭੁਗਤਾਨ ਕਰਨਗੇ। ਇਹ ਹੁਕਮ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਜਾਰੀ ਕੀਤੇ ਗਏ ਹਨ।
ਇਹਨਾਂ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਮਕਾਨ ਮਾਲਕ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਸਮੇਤ ਮਜ਼ਦੂਰਾਂ ਤੋਂ ਇੱਕ ਮਹੀਨੇ ਲਈ ਕਿਰਾਏ ਦੀ ਮੰਗ ਨਹੀਂ ਕਰਨਗੇ।
ਜੇ ਕੋਈ ਮਕਾਨ ਮਾਲਕ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਆਫ਼ਤ ਪ੍ਰਬੰਧਨ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਲਾਕਡਾਊਨ ਲਾਗੂ ਕੀਤਾ ਗਿਆ ਹੈ ਪਰ ਵੱਡੀ ਗਿਣਤੀ ਪਰਵਾਸੀ ਆਪਣੇ ਘਰਾਂ ਨੂੰ ਜਾਣ ਦੀਆਂ ਕੋਸ਼ਿਸਾਂ ਕਰ ਰਹੇ ਹਨ। ਉਨ੍ਹਾਂ ਦੁਆਰਾ ਕੀਤੀ ਅਜਿਹੀ ਕੋਈ ਵੀ ਕਾਰਵਾਈ ਲਾਕਡਾਊਨ ਦੀ ਉਲੰਘਣਾ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਅਤੇ ਲਾਕਡਾਊਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਆਰਥਿਕ ਤੰਗੀਆਂ ਨੂੰ ਘਟਾਉਣ ਲਈ ਉਪਰੋਕਤ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਕਡਾਊਨ ਕਾਰਨ ਪ੍ਰਵਾਸੀ ਮਜਦੂਰਾਂ, ਮੁਸ਼ੀਬਤ ਵਿਚ ਫਸੇ ਲੋਕਾਂ ਸਮੇਤ ਗਰੀਬ, ਲੋੜਵੰਦਾਂ ਨੂੰ ਉਹਨਾਂ ਦੇ ਸਬੰਧਤ ਇਲਾਕਿਆਂ ਵਿੱਚ ਅਸਥਾਈ ਪਨਾਹਘਰਾਂ ਦੇ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਰਗੇ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਹਨ।