ਪੁਲਿਸ ਵੱਲੋ 1000 ਕੱਪੜੇ ਦੇ ਮਾਸਕ ਆਮ ਲੋਕਾਂ ਨੂੰ ਵੰਡੇ ਗਏ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 06 ਜੁਲਾਈ,2020: ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਇਸ ਵਿਚ ਪੁਲਿਸ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਮਿਸ਼ਨ ਫਤਿਹ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਜਾਗਰੂਕਤਾ ਦੀ ਲੜੀ ਤਹਿਤ ਐਸ ਐਸ ਪੀ ਸ ਸਵਰਨਦੀਪ ਸਿੰਘ ਅਤੇ ਐਸ ਪੀ ਹੈਡ ਕੁਆਟਰ ਸ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਫਰੀਦਕੋਟ ਵਿਖੇ ਡੀ ਐਸ ਪੀ ਸਤਵਿੰਦਰ ਸਿੰਘ ਵੱਲੋਂ ਭਾਈ ਕਨੱਈਆ ਚੌਕ ਵਿਖੇ 1000 ਕੱਪੜੇ ਦੇ ਮਾਸਕ ਆਮ ਲੋਕਾਂ ਨੂੰ ਵੰਡੇ ਗਏ।
ਇਸ ਮੌਕੇ ਡੀ ਐਸ ਪੀ ਸਤਵਿੰਦਰ ਸਿੰਘ ਦੱਸਿਆ ਕਿ ਕਰੋਨਾ ਮਹਾਂਮਾਰੀ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਤੇ ਸਾਵਧਾਨੀਆਂ ਵਰਤ ਕੇ ਹੀ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ ਬਗੈਰ ਮਾਸਕ ਲਗਾਏ ਘਰ ਤੋਂ ਬਾਹਰ ਨਾ ਨਿਕਲੇ ਅਤੇ ਮਾਸਕ ਨਾ ਪਾਉਣ ਤੇ ਉਸਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਅਨੁਮਾਨ ਮੁਤਾਬਿਕ ਸਿਰਫ ਮਾਸਕ ਪਾਉਣ ਨਾਲ ਕਰੋਨਾ ਮਹਾਂਮਾਰੀ ਤੋਂ 75 ਪ੍ਰਤੀਸ਼ਤ ਬਚਾਅ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ 20 ਸੈਕਿੰਡ ਤੱਕ ਹੱਥ ਧੋਣ, ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਬਜੁਰਗਾਂ ਅਤੇ ਬੱਚਿਆਂ ਨੂੰ ਲੋੜ ਤੋਂ ਬਿਨਾ ਘਰਾਂ ਤੋਂ ਬਾਹਰ ਨਾ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਨੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਫਤਿਹ ਯੋਧਾ ਬਣਨ ਲਈ ਵੀ ਪ੍ਰੇਰਿਤ ਕੀਤਾ ।
ਉਨਾਂ ਦੱਸਿਆ ਕਿ ਮਿਸ਼ਨ ਫਤਿਹ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਇਸ ਨਾਮੁਰਾਦ ਬਿਮਾਰੀ ਤੇ ਕਾਬੂ ਪਾ ਕੇ ਜਿੱਤ ਪ੍ਰਾਪਤ ਨਹੀਂ ਕਰ ਲੈਂਦੇ।ਇਸ ਮੌਕੇ ਜ਼ਿਲ੍ਹਾ ਟਰੈਫਿਕ ਇੰਚਾਰਜ ਸ ਅੰਮ੍ਰਿਤਪਾਲ ਸਿੰਘ, ਨੇ ਟਰੈਫਿਕ ਸਮੱਸਿਆ ਨੂੰ ਮੁੱਖ ਰੱਖਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਫਾਲਤੂ ਗੱਡੀਆਂ ਜਾਂ ਰੇਹੜ੍ਹੀਆਂ ਨਾ ਖੜ੍ਹੀਆ ਕਰਨ ਦੇਣ।
ਇਸ ਮੌਕੇ ਇੰਸਪੈਕਟਰ ਸ੍ਰੀ ਰਾਜੇਸ਼ ਕੁਮਾਰ, ਸਹਾਇਕ ਇੰਚਾਰਜ ਸਬ ਇੰਸਪੈਕਟਰ ਸ ਬਲਦੇਵ ਸਿੰਘ ਵੀ ਹਾਜ਼ਰ ਸਨ।