ਜੀ ਐਸ ਪੰਨੂ
- ਮੁੱਖ ਦੋਸ਼ੀ ਦੀਆਂ ਕਾਂਗਰਸੀ ਦਿੱਗਜਾਂ ਨਾਲ ਫ਼ੋਟੋਆਂ ਜਾਰੀ ਕੀਤੀਆਂ
ਪਟਿਆਲਾ, 15 ਮਈ 2020 - ਲੌਕਡਾਨ ਦੌਰਾਨ ਖੰਨਾ ਤੋਂ ਬਾਅਦ ਹੁਣ ਘਨੌਰ ‘ਚ ਫੜੀ ਗਈ ਨਕਲੀ ਸ਼ਰਾਬ ਫ਼ੈਕਟਰੀ ਲਈ ਕਾਂਗਰਸੀ ਆਗੂਆਂ ਦੀ ਸਿੱਧੀ ਸ਼ਮੂਲੀਅਤ ਦੇ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਸੱਚਮੁੱਚ ਪੰਜਾਬ ਦਾ ਭਲਾ ਅਤੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣਾ ਚਾਹੁੰਦੇ ਹਨ ਤਾਂ ਪਟਿਆਲਾ ਪੁਲਿਸ ਨੂੰ ਬਿਨਾ ਕਿਸੇ ਸਿਆਸੀ ਦਬਾਅ ਕਾਨੂੰਨ ਮੁਤਾਬਿਕ ਨਿਰਪੱਖ ਕਾਰਵਾਈ ਕਰਨ ਦੇਣ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਆਗੂਆਂ ਨੇ ਪਟਿਆਲਾ ਦੇ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪ ਕੇ ਇਸ ਨਕਲੀ ਸ਼ਰਾਬ ਫ਼ੈਕਟਰੀ ਨਾਲ ਜੁੜੇ ਹਰੇਕ ਗੁਨਾਹਗਾਰ ਵਿਰੁੱਧ ਨਿਰਪੱਖ ਅਤੇ ਮਿਸਾਲੀਆਂ ਕਾਰਵਾਈ ਦੀ ਮੰਗ ਕੀਤੀ।
ਜ਼ਿਲ੍ਹਾ ਪੁਲਿਸ ਮੁੁੱਖੀ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੰਨਾ ਤੋਂ ਬਾਅਦ ਇਸ ਨਕਲੀ ਸ਼ਰਾਬ ਫ਼ੈਕਟਰੀ ਦੀ ਪੋਲ ਖੁੱਲਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਸੱਤਾਧਾਰੀ ਕਾਂਗਰਸੀ ਉਸੇ ਧੜੱਲੇ ਨਾਲ ਸ਼ਰਾਬ ਮਾਫ਼ੀਆ ਚਲਾ ਰਹੇ ਹਨ, ਜਿਵੇਂ ਪਿਛਲੀ ਸਰਕਾਰ ਦੌਰਾਨ ਬਾਦਲ ਡਰੱਗ, ਲੈਂਡ-ਸੈਂਡ ਅਤੇ ਟਰਾਂਸਪੋਰਟ ਮਾਫ਼ੀਆ ਚਲਾਉਂਦੇ ਸਨ।
ਚੀਮਾ ਨੇ ਦੋਸ਼ੀ ਕਾਂਗਰਸੀ ਆਗੂਆਂ ਦੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪਟਿਆਲਾ ਤੋਂ ਸੰਸਦ ਮੈਂਬਰ ਅਤੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਨਜ਼ਦੀਕੀਆਂ ਬਿਆਨ ਕਰਦੀਆਂ ਫ਼ੋਟੋਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ।
ਚੀਮਾ ਨੇ ਕਿਹਾ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਇਸ ਮਾਮਲੇ ‘ਚ ਪੁਲਿਸ ਨੂੰ ਨਿਰਪੱਖ ਰੱਖ ਕੇ ਪੰਜਾਬ ਨਾਲ ਖੜ ਕੇ ਆਪਣੀ ‘ਮਾਫ਼ੀਆ ਸਰਗਨਾ’ ਵਾਲਾ ਅਕਸ ਸੁਧਾਰਦੇ ਹਨ ਜਾਂ ਫਿਰ ਸ਼ਰਾਬ ਮਾਫ਼ੀਆ ਚਲਾ ਰਹੇ ਕਾਂਗਰਸੀ ਗਿਰੋਹ ਨੂੰ ਬਚਾਉਣ ਲਈ ਪੁੁਲਿਸ ਦੇ ਹੱਥ ਬੰਨਦੇ ਹਨ?
ਚੀਮਾ ਨੇ ਕਿਹਾ ਕਿ ਲੌਕਡਾਨ ਕਾਰਨ ਦੂਜੇ ਮਾਫ਼ੀਏ ਮੰਦੇ ਦੀ ਮਾਰ ‘ਚ ਹਨ ਅਤੇ ਜ਼ਿਆਦਾਤਰ ਸੱਤਾਧਾਰੀ ਸ਼ਰਾਬ ਮਾਫ਼ੀਆ ਰਾਹੀਂ ਚਾਂਦੀ ਕੁੱਟ ਰਹੇ ਹਨ। ਮੰਤਰੀਆਂ-ਵਿਧਾਇਕਾਂ ਅਤੇ ਅਫ਼ਸਰਾਂ ਦੀ ਲੜਾਈ ਵੀ ਲੁੱਟ ਦੇ ਮਾਲ ‘ਚ ਹਿੱਸਾ-ਪੱਤੀ ਦੀ ਲੜਾਈ ਹੈ। ਚੀਮਾ ਨੇ ਦੋਸ਼ ਦੁਹਰਾਏ ਕਿ ਸ਼ਰਾਬ ਮਾਫ਼ੀਆ ਦੀ ਕਮਾਨ ਕਾਾਂਗਰਸ ਨੇ ਸੰਭਾਲੀ ਹੋਈ ਹੈ। ਇਹੋ ਕਾਰਨ ਹੈ ਕਿ ਐਨਾ ਖੜਕਾ-ਦੜਕਾ ਹੋਣ ਦੇ ਬਾਵਜੂਦ ਕੈਪਟਨ ਨੇ ਨਵੀਂ ਆਬਕਾਰੀ ਨੀਤੀ ਲਈ ਕਿਸੇ ਮੰਤਰੀ-ਸੰਤਰੀ ਦੀ ਪ੍ਰਵਾਹ ਨਹੀਂ ਕੀਤੀ। ਚੀਮਾ ਨੇ ਕਿਹਾ ਕਿ ਇਨਾਂ ਦੀ ਆਪਸੀ ਲੜਾਈ ਕਾਰਨ ਹੀ ਅੰਦਰਲੇ ਭੇਤ ਖੁੱਲ ਰਹੇ ਹਨ।
ਚੀਮਾ ਨੇ ਕਿਹਾ ਕਿ ਨਕਲੀ ਸ਼ਰਾਬ ਨਾ ਕੇਵਲ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਲੁੱਟਦੀ ਹੈ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਵੱਡਾ ਖਿਲਵਾੜ ਹੈ। ਚੀਮਾ ਮੁਤਾਬਿਕ ਸਿਹਤ ਲਈ ਘਾਤਕ ਕੈਮੀਕਲਾਂ ਰਾਹੀਂ ਸਿਰਫ਼ 10-15 ਰੁਪਏ ‘ਚ ਮਹਿੰਗੇ ਬਰਾਂਡ ਵਾਲੀਆਂ ਬੋਤਲਾਂ ਭਰੀਆਂ ਜਾਂਦੀਆਂ ਹਨ। ਜਿੰਨਾ ਉੱਤੇ ਸਰਕਾਰੀ ਮਿਲੀਭੁਗਤ ਨਾਲ ਅਸਲੀ ਹੋਲੋਗ੍ਰਾਮ ਚਿਪਕਾ ਦਿੱਤੇ ਜਾਂਦੇ ਹਨ।
ਚੀਮਾ ਨੇ ਪਟਿਆਲਾ ਪੁਲਿਸ ਮੁੁੱਖੀ ਮਨਦੀਪ ਸਿੰਘ ਸਿੱਧੂ ਦੇ ਸਾਫ਼ ਸੁਥਰੇ ਪਿਛੋਕੜ ਦਾ ਹਵਾਲਾ ਦਿੰਦੇ ਹੋਏ ਉਮੀਦ ਜਤਾਈ ਕਿ ਪਟਿਆਲਾ ਪੁੁਲਿਸ ਸ਼ਰਾਬ ਮਾਫ਼ੀਆ ਨਾਲ ਜੁੜੀਆਂ ਸਾਰੀਆਂ ਛੋਟੀਆਂ-ਵੱਡੀਆਂ ਮੱਛੀਆਂ ‘ਤੇ ਬਿਨਾ ਸਿਆਸੀ ਦਬਾਅ ‘ਚ ਆਏ ਮਿਸਾਲੀਆ ਕਾਰਵਾਈ ਕਰੇਗੀ।
ਚੀਮਾ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਦੇ ਖ਼ਾਤਮੇ ਲਈ ਸਰਕਾਰੀ ਸ਼ਰਾਬ ਨਿਗਮ ਗਠਿਤ ਹੋਵੇ ਅਤੇ ਹਾਈਕੋਰਟ ਦੀ ਨਿਗਰਾਨੀ ਹੇਠ ਸਮੁੱਚੀ ਲੁੱਟ ਦੀ ਸਮਾਂਬੱਧ ਜਾਂਚ ਲਈ ਨਿਆਇਕ ਜਾਂਚ ਕਮਿਸ਼ਨ ਬਿਠਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਕਾਂਗਰਸ ਅਜਿਹਾ ਨਾ ਕਰ ਸਕੀ ਤਾਂ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਲੋਕਾਂ ਦੇ ਹਿੱਤ ‘ਚ ਇਹ ਫ਼ੈਸਲੇ ਲਵੇਗੀ ਅਤੇ ਇਨਾਂ ਲੁਟੇਰਿਆਂ ਦੀਆਂ ਜਾਇਦਾਦਾਂ ਜ਼ਬਤ ਕਰੇਗੀ।
ਇਸ ਮੌਕੇ ਉਨਾਂ ਨਾਲ ਗੈਰੀ ਬੜਿੰਗ, ਹਰਚੰਦ ਸਿੰਘ ਬਰਸਟ, ਡਾ. ਬਲਬੀਰ ਸਿੰਘ, ਗਗਨਦੀਪ ਸਿੰਘ ਚੱਢਾ, ਨੀਨਾ ਮਿੱਤਲ, ਚੇਤਨ ਸਿੰਘ ਜੌੜੇ ਮਾਜਰੇ, ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਜਰਨੈਲ ਮਨੂ, ਦੇਵ ਮਾਨ ਅਤੇ ਹੋਰ ਆਗੂ ਮੌਜੂਦ ਸਨ।