ਵੈਂਟੀਲੇਟਰ ਐਮਆਰਈ ਅਤੇ ਹਾਈ-ਐਂਡ ਮੋਡ ਸਹੂਲਤਾਂ ਨਾਲ ਲੈਸ, ਸੀਰੀਅਸ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਿਲੇਗੀ ਮੱਦਦ
ਫ਼ਿਰੋਜ਼ਪੁਰ 27 ਅਪ੍ਰੈਲ 2020 : ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀਆਂ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਆਧੁਨਿਕ ਸਹੂਲਤਾਂ ਵਾਲੇ ਵੈਂਟੀਲੇਟਰ ਮੁਹੱਈਆ ਕਰਵਾਏ ਗਏ ਹਨ। ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਅਤੇ ਐਸਡੀਐਮ ਅਮਿੱਤ ਗੁਪਤਾ ਵੱਲੋਂ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੂੰ ਸੌਂਪ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਵੈਂਟੀਲੇਟਰ ਦੀ ਬਹੁਤ ਹੀ ਜ਼ਰੂਰਤ ਸੀ, ਜਿਸ ਲਈ 2 ਵੈਂਟੀਲੇਟਰ ਸਿਵਲ ਹਸਪਤਾਲ ਨੂੰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੈਂਟੀਲੇਟਰ ਦੀ ਸਹੂਲਤ ਹੋਣ ਨਾਲ ਕਈ ਸੀਰੀਅਸ ਕੇਸਾਂ ਨੂੰ ਸੰਭਾਲਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕੋਈ ਕੋਰੋਨਾ ਵਾਇਰਸ ਨਾਲ ਸਬੰਧਿਤ ਸੀਰੀਅਸ ਕੇਸ ਆਉਂਦਾ ਹੈ ਤਾਂ ਉਸ ਵਿਚ ਵੀ ਇਹ ਵੈਂਟੀਲੇਟਰ ਦੀ ਮਦਦ ਲਈ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵੈਂਟੀਲੇਟਰ ਮਿਲਣ ਨਾਲ ਸਿਵਲ ਹਸਪਤਾਲ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਵੈਂਟੀਲੇਟਰ ਐਮਆਰਆਈ ਕੰਪੈਟਿਬਲ ਹੈ ਅਤੇ ਇਸ ਵੈਂਟੀਲੇਟਰ ਵਿਚ ਹਾਈ-ਐਂਡ ਮੋਡ ਦੀ ਸੁਵਿਧਾ ਵੀ ਹੈ। ਇਹ ਸਹੂਲਤਾਂ ਸੀਰੀਅਸ ਮਰੀਜ਼ ਲਈ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਵੈਂਟੀਲੇਟਰ ਦੀ ਸਹੂਲਤ ਮਿਲਣ ਨਾਲ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸਿਵਲ ਹਸਪਤਾਲ ਨੂੰ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਡਾ. ਨਵਦੀਪ ਸਿੰਘ ਸਿਵਲ ਸਰਜਨ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਇਸ ਮੌਕੇ ਐਸਐਮਓ ਅਵਿਨਾਸ਼ ਜਿੰਦਲ, ਡਾ. ਵਿਸ਼ਾਲ ਬਜਾਜ ਵੀ ਹਾਜ਼ਰ ਸਨ।