ਚੰਡੀਗੜ੍ਹ, 15 ਮਈ 2020 - ਪੰਜਾਬ ਵਿਚ ਡੇਂਗੂ ਤੇ ਹੋਰ ਵੈਕਟਰ ਬੋਰਨ ਡਿਜ਼ੀਜ (ਮੱਛਰ ਜਾਂ ਕੀਟ ਕਾਰਨ ਫੈਲਣ ਵਾਲੀਆਂ ਬਿਮਾਰੀਆਂ) ਦੇ ਸੰਚਾਰ ਮੌਸਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਡੇਂਗੂ ਅਤੇ ਹੋਰ ਵੈਕਟਰ ਬਰਨ ਰੋਗਾਂ (ਵੀ.ਬੀ.ਡੀ.) ਦੀ ਰੋਕਥਾਮ ਅਤੇ ਨਿਯੰਤਰਣ ਲਈ ਸਟੇਟ ਟਾਸਕ ਫੋਰਸ ਦੇ ਵਿਭਾਗਾਂ ਨਾਲ ਮਿਲਕੇ ਉਪਾਅ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸ: ਸਿੱਧੂ ਨੇ ਦੱਸਿਆ ਕਿ ਅੱਜ ਰਾਸ਼ਟਰੀ ਡੇਂਗੂ ਦਿਵਸ 2020 ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਮਨਾਇਆ ਗਿਆ ਹੈ ਕਿਉਂਕਿ ਹਰ ਸਾਲ ਡੇਂਗੂ ਦੇ ਕੇਸਾਂ ਵਿਚ ਵਾਧਾ ਹੁੰਦਾ ਹੈ ਅਤੇ ਰਾਜ ਵਿੱਚ ਇਸ ਬਿਮਾਰੀ ਨਾਲ ਬਦਕਿਸਮਤੀ ਨਾਲ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹਨ । ਉਨ੍ਹਾਂ ਕਿਹਾ ਕਿ ਕੋਵਿਡ -19 ਸਕ੍ਰੀਨਿੰਗ ਦੇ ਨਾਲ-ਨਾਲ ਹੁਣ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮਲੇਰੀਆ ਅਤੇ ਡੇਂਗੂ ਦਾ ਟੈਸਟ ਕਰਵਾਉਣਾ ਹੋਰ ਵੀ ਮੁਸ਼ਕਿਲ ਕੰਮ ਬਣ ਗਿਆ ਹੈ।
ਮੰਤਰੀ ਨੇ ਕਿਹਾ ਕਿ ਮਲੇਰੀਆ ਅਤੇ ਡੇਂਗੂ ਦੇ ਖਤਰੇ ਤੋਂ ਛੁਟਕਾਰਾ ਪਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਪਿਛਲੇ ਸਾਲ ਵਾਲੇ ਪ੍ਰਭਾਵਿਤ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਦੇ ਤਾਲਮੇਲ ਰਾਹੀਂ ਮਾਈਕ੍ਰੋ-ਪਲਾਨ ਅਨੁਸਾਰ ਨਿਸ਼ਚਤ ਸਮੇਂ ਵਿੱਚ ਫੌਗਿੰਗ ਯਕੀਨੀ ਤੌਰ ਤੇ ਕੀਤੀ ਜਾਵੇ। ਇਸ ਤੋਂ ਇਲਾਵਾ ਮੰਤਰੀ ਨੇ ਪੰਜਾਬ ਸਰਕਾਰਾਂ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ‘ਤੇ ਵੀ ਜ਼ੋਰ ਦਿੱਤਾ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਹਰ ਪ੍ਰਭਾਵਿਤ ਕੋਵਿਡ ਮਰੀਜ਼ ਦਾ ਪਤਾ ਲਗਾਉਣ ਲਈ ਪੂਰੀ ਚੌਕਸੀ ਅਤੇ ਸਖਤ ਮਿਹਨਤ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਡੇਂਗੂ ਅਤੇ ਮੱਛਰ ਜਾਂ ਕੀਟ ਕਾਰਨ ਫੈਲਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਅ ਅਤੇ ਨਿਯੰਤਰਣ ਕਰਨਾ ਜ਼ਰੂਰੀ ਹੈ, ਜੋ ਕਿ ਸਟੇਟ ਟਾਸਕ ਫੋਰਸ ਦਾ ਮੁੱਢਲਾ ਉਦੇਸ਼ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਸਰਕਾਰਾਂ, ਪੇਂਡੂ ਵਿਕਾਸ, ਸਿੱਖਿਆ, ਟਰਾਂਸਪੋਰਟ ਅਤੇ ਸਟੇਟ ਟਾਸਕ ਫੋਰਸ ਦੇ ਹੋਰ ਭਾਈਵਾਲ ਵਿਭਾਗਾਂ ਦੁਆਰਾ ਵੈਕਟਰ ਬੋਰਨ ਰੋਗਾਂ ਦੇ ਫੈਲਾਅ ਵਾਲੇ ਮੌਸਮ ਦੇ ਮੱਦੇਨਜ਼ਰ ਰੋਕਥਾਮ ਉਪਾਅ ਤੇਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਡੇਂਗੂ ਅਤੇ ਹੋਰ ਵੈਕਟਰ ਬੋਰਨ ਰੋਗਾਂ ਦੀ ਰੋਕਥਾਮ ਲਈ ਫੀਲਡ ਡਿਊਟੀਆਂ ‘ਤੇ ਤਾਇਨਾਤ ਕੀਤੇ ਜਾਣ ਵਾਲੇ ਸਟਾਫ ਵਲੋਂ ਕੋਵਿਡ -19 ਦੇ ਸੁਰੱਖਿਆ ਦੇ ।ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਫੀਲਡ ਸਟਾਫ ਨੂੰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਅਕਸਰ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ। ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਕ ਦੂਰੀ ਦੀ ਪਾਲਣਾ ਸਾਰੀਆਂ ਸਿਹਤ ਟੀਮਾਂ ਵਲੋਂ ਫੀਲਡ ਦੀਆਂ ਗਤੀਵਿਧੀਆਂ ਦੌਰਾਨ ਕਰਨਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ (ਏਡੀਜ਼ ਮੱਛਰ) ਦੀ ਰੋਕਥਾਮ ਲਈ ਰਾਜ ਦੇ ਪੇਂਡੂ ਇਲਾਕਿਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਸਪਰੇਅ ਅਤੇ ਫੌਗਿੰਗ ਵਰਗੇ ਉਪਾਅ ਕੀਤੇ ਜਾ ਰਹੇ ਹਨ। ਡੇਂਗੂ ਦੀ ਜਾਂਚ ਲਈ ਸਾਰੀਆਂ ਸਰਕਾਰੀ ਪ੍ਰਯੋਗਸ਼ਾਲਾਵਾਂ ਕੋਲ ਢੁਕਵੀਆਂ ਟੈਸਟ ਕਿੱਟਾਂ ਹਨ ਅਤੇ ਇਸ ਗਤੀਵਿਧੀ ਲਈ ਹਸਪਤਾਲਾਂ ਵਿੱਚ ਸਟਾਫ ਦੀ ਤਾਇਨਾਤੀ ਤੋਂ ਬਾਅਦ ਸ਼ੱਕੀ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।