ਪਰਵਿੰਦਰ ਸਿੰਘ ਕੰਧਾਰੀ
- ਸਾਰਿਆਂ ਦੀ ਅਣਥੱਕ ਮਿਹਨਤ ਸਦਕਾ ਜ਼ਿਲਾ ਵਿਚ ਸਥਿਤੀ ਕੰਟਰੋਲ ਹੇਠ -ਓ.ਐਸ.ਡੀ/ ਮੁੱਖ ਮੰਤਰੀ ਸੰਦੀਪ ਬਰਾੜ
ਫ਼ਰੀਦਕੋਟ, 21 ਅਪ੍ਰੈਲ 2020 - ਕੋਵਿਡ-19 ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਹਿਲੀ ਕਤਾਰ ਵਿਚ ਅੱਗੇ ਹੋ ਕੇ ਕੰਮ ਕਰ ਰਹੇ ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸ੍ਰੀ ਸੰਦੀਪ ਸਿੰਘ ਸੰਨੀ ਬਰਾੜ ਵੱਲੋਂ ਇਹਨਾਂ ਵਿਭਾਗਾਂ ਦੇ ਡਿਊਟੀ ਦੇ ਰਹੇ ਅਧਿਕਾਰੀਆਂ,ਕਰਮਚਾਰੀਆਂ, ਜਵਾਨਾਂ ਅਤੇ ਹੋਰ ਅਮਲੇ ਨਾਲ ਮੁਲਾਕਾਤ ਕਰਕੇ ਜਿਥੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ, ਉਥੇ ਉਹਨਾਂ ਵੱਲੋਂ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੀ ਡਿਊਟੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਵੀ ਭਰਪੂਰ ਪ੍ਰਸੰਸ਼ਾ ਕੀਤੀ।
ਸੰਨੀ ਬਰਾੜ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਨ ਸ. ਮਨਜੀਤ ਸਿੰਘ ਢੇਸੀ ਅਤੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸਮੂਹ ਸਟਾਫ਼ ਦੀਆਂ ਅਣਥੱਕ ਮਿਹਨਤ ਸਦਕਾ ਜ਼ਿਲਾ ਵਿਚ ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੇ ਯਤਨਾਂ ਸਦਕਾ ਹੀ ਜ਼ਿਲਾ ਵਿਚ ਸਥਿਤੀ ਕੰਟਰੋਲ ਹੇਠ ਹੈ। ਉਹਨਾਂ ਕਿਹਾ ਕਿ ਜ਼ਿਲੈ ਦੇ ਤਿੰਨ ਕਰੋਨਾ ਪਾਜੀਟਿਵ ਮਰੀਜ਼ਾਂ ਵਿਚੋਂ ਇਕ ਦੇ ਇਲਾਜ ਉਪਰੰਤ ਸਿਹਤਯਾਬ ਹੋਣ ਮਗਰੋਂ ਛੁੱਟੀ ਮਿਲ ਗਈ ਹੈ ਜਦਕਿ ਦੋ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹਨਾਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਦਿਨ-ਰਾਤ ਕੰਮ ਕਰ ਰਹੇ ਸਮੂਹ ਵਰਗਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜ਼ਿਲੇ ਦੇ ਲੋਕ ਹਮੇਸ਼ਾਂ ਉਹਨਾਂ ਦੇ ਅਭਾਰੀ ਰਹਿਣਗੇ।