ਕਰਫ਼ਿਊ ਦੌਰਾਨ ਘਰਾਂ ਵਿਚ ਰੱਖੋ ਇਹ ਸਾਵਧਾਨੀਆਂ
ਅਸ਼ੋਕ ਵਰਮਾ
ਬਠਿੰਡਾ,30 ਮਾਰਚ 2020: ਬਠਿੰਡਾ, 30 ਮਾਰਚ : ਕਰੋੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਆਮ ਜਨਤਾ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ’ਚ ਰਹਿਣ ਤੇ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਜੇਕਰ ਕਿਸੇ ਵਿਅਕਤੀ ਨੂੰ ਖੰਘ, ਜੁਕਾਮ, ਬੁਖਾਰ ਹੈ ਤਾਂ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਖੰਘਦੇ ਤੇ ਛਿੱਕਦੇ ਸਮੇਂ ਆਪਣਾ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ, ਖੁੱਲ੍ਹੇ ’ਚ ਨਾ ਥੁੱਕੋ, ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਨਾ ਛੂਹੋ, ਸਮੇਂ-ਸਮੇਂ ਸਿਰ ਆਪਣੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਧੋਵੋ ਜਾਂ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਨਾਲ ਸਾਫ਼ ਕਰੋ, ਘਰਾਂ ਵਿੱਚ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖੋ।
ਇਸ ਤੋਂ ਇਲਾਵਾ ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਛੋਟੇ ਬੱਚੇ ਅਤੇ ਬਜ਼ੁਰਗ ਵਿਅਕਤੀ, ਸਰੀਰਕ ਤੌਰ ’ਤੇ ਕਮਜ਼ੋਰ ਵਿਅਕਤੀ ਜਾਂ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਹੋਰ ਕਿਸੇ ਬਿਮਾਰੀ ਤੋਂ ਪੀੜ੍ਹਤ ਵਿਅਕਤੀ ਕਮਜ਼ੋਰੀ ਕਾਰਣ ਆਪਣੇ ਬਚਾਅ ਲਈ ਖ਼ਾਸ ਧਿਆਨ ਰੱਖਣ। ਜੇਕਰ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਹੈ ਤਾਂ ਤੁਰੰਤ ਨੈਸ਼ਨਲ, ਸਟੇਟ ਕੰਟਰੋਲ ਰੂਮ ਨੰਬਰ ’ਤੇ ਕਾਲ ਕਰੋ ਤੇ ਅਗਲੀ ਸਲਾਹ ਤੱਕ ਆਪਣੇ ਘਰ ’ਚ ਹੀ ਰਹੋ, ਘਰ ’ਚ ਦੁੱਧ ਤੇ ਪੈਕਟ, ਭਾਂਡੇ, ਦਰਵਾਜੇ ਦੀ ਘੰਟੀ, ਕੂੜੇਦਾਨ, ਝੂਲੇ, ਕੱਚੀਆਂ ਸਬਜੀਆਂ ਤੇ ਫ਼ਲ, ਦਰਵਾਜ਼ੇ ਦੀਆਂ ਚਿਟਕਣੀਆਂ, ਬੂਟ ਤੇ ਚੱਪਲਾਂ ਆਦਿ ਨੂੰ ਸਮੇਂ-ਸਮੇਂ ਤੇ ਸੈਨੀਟਾਈਜ਼ ਕੀਤਾ ਜਾਵੇ। ਘਰ ’ਚ ਸਾਂਝੇ ਭਾਂਡਿਆਂ ਦਾ ਪ੍ਰਯੋਗ ਨਾ ਕੀਤਾ ਜਾਵੇ।
ਇਸ ਤੋਂ ਇਲਾਵਾ ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਰਸੋਈ ਵਿੱਚ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਹੱਥ ਧੋਵੋ। ਰਸੋਈ ’ਚ ਵਰਤੇ ਜਾਣ ਵਾਲਾ ਚੁੱਲ੍ਹਾ, ਸਲੈਬਾਂ ਅਤੇ ਹੋਰ ਸਮਾਨ ਨੂੰ ਸੈਨੀਟਾਇਜ਼ ਕਰੋ। ਫਰਸ ਨੂੰ ਫਿਨਾਈਲ ਨਾਲ ਰੋਜਾਨਾ ਸਾਫ਼ ਕਰੋ। ਖਾਣਾ-ਖਾਣ ਤੋਂ ਪਹਿਲਾਂ ਅਤੇ ਬਾਅਦ ’ਚ ਹੱਥਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਕਰਫਿਊ ’ਚ ਛੋਟ ਦੌਰਾਨ ਘਰ ਦਾ ਇਕ ਮੈਂਬਰ ਹੀ ਸਮਾਨ ਪ੍ਰਾਪਤ ਕਰੇ ਜਾਂ ਸਰਕਾਰ ਵੱਲੋਂ ਨਿਰਧਾਰਿਤ ਦੁਕਾਨਦਾਰਾਂ ਤੋਂ ਹੀ ਸਮਾਨ ਦੀ ਹੋਮ ਡਲਿਵਰੀ ਕਰਵਾਉਣ ਨੂੰ ਹੀ ਪਹਿਲ ਦਿੱਤੀ ਜਾਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਇਸ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦਿੱਤਾ ਜਾਵੇ।