ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ 34 ਵਿਅਕਤੀਆਂ ਦੀ ਹੋਈ ਸੈਂਪਲਿੰਗ
ਫਿਰੋਜ਼ਪੁਰ 27 ਅਪ੍ਰੈਲ 2020 : ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਵਾੜਾ ਭਾਈ ਕਾ ਵਿਚ ਤਾਇਨਾਤ ਸਿਹਤ ਵਿਭਾਗ ਦੀ ਟੀਮ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਦੇ ਐੱਸਐੱਮਓ ਡਾ. ਵਨੀਤਾ ਭੁੱਲਰ ਦੀ ਨਿਗਰਾਨੀ ਹੇਠ ਉਨ੍ਹਾਂ 34 ਵਿਅਕਤੀਆਂ ਦੀ ਮੁੜ ਸੈਪਲਿੰਗ ਕੀਤੀ, ਜੋ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਸਨ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪਿੰਡ ਨੂੰ ਸੀਲ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਵਨੀਤਾ ਭੁੱਲਰ ਨੇ ਦੱਸਿਆ ਅੱਜ ਡਾ. ਨਵਦੀਪ ਸਿੰਘ ਸਿਵਲ ਸਰਜਨ ਫਿਰੋਜ਼ਪੁਰ ਦੇ ਨਿਰਦੇਸ਼ਾਂ ਤੇ ਅੱਜ ਪਿੰਡ ਵਿੱਚ ਮੁੜ ਤੋਂ ਸੈਪਲਿੰਗ ਕਰਵਾਈ ਗਈ ਅਤੇ ਇਨ੍ਹਾਂ ਸੈਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਇਕ ਟੀਮ ਨੂੰ ਪੱਕੇ ਤੌਰ 'ਤੇ ਪਿੰਡ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਹੋਇਆ ਹੈ ਅਤੇ ਟੀਮ ਵੱਲੋਂ ਲਗਾਤਾਰ ਮਰੀਜ਼ਾਂ ਦਾ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ 34 ਵਿਅਕਤੀਆਂ ਕਿ ਪਹਿਲੀ ਸੈਪਲਿੰਗ ਰਿਪੋਰਟ ਨੈਗਟਿਵ ਆਈ ਸੀ ਜਿਸ Àਪਰੰਤ ਗਾਈਡਲਾਈਨਜ਼ ਮੁਤਾਬਕ ਮੁੜ ਤੋ ਸੈਪਲ ਲਏ ਹਨ ਅਤੇ ਇਨ੍ਹਾਂ ਵਿਅਕਤੀਆਂ ਦੇ ਲਏ ਸੈਂਪਲ ਮੈਡੀਕਲ ਕਾਲਜ ਫਰੀਦਕੋਟ ਨੂੰ ਭੇਜੇ ਜਾ ਰਹੇ ਹਨ ਤਾਂ ਜੋ ਇਸ ਪਿੰਡ ਨੂੰ ਵੀ ਗਰੀਨ ਜ਼ੋਨ ਵਿਚ ਬਦਲਿਆ ਜਾ ਸਕੇ। ਡਾ. ਭੁੱਲਰ ਨੇ ਦੱਸਿਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਦੇ ਨਿਰਦੇਸ਼ਾਂ ਹੇਠ ਇਸ ਪਿੰਡ ਵਿਚ ਤਾਇਨਾਤ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਕਿਸੇ ਵੀ ਬਿਮਾਰੀ ਦਾ ਇਲਾਜ ਕਰਨ ਦੇ ਕੋਰੋਨਾ ਵਾਈਰਸ ਤੋਂ ਬਚਣ ਅਤੇ ਇਸ ਦੇ ਲੱਛਣਾਂ ਬਾਰੇ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਪਿੰਡ ਵਿਚ ਸੈਨੇਡਾਈਜ਼ਰ ਦਾ ਛਿੜਕਾਅ ਵੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਾਕਟਰਾਂ ਦੀ ਟੀਮ ਕੋਲ ਜੋ ਵੀ ਵਿਅਕਤੀ ਇਲਾਜ ਲਈ ਆਉਂਦਾ ਹੈ, ਉਸ ਨੂੰ ਉਸ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾਂ ਹੱਥ ਸਾਫ ਕਰਨ ਅਤੇ ਸੋਸ਼ਲ ਡਿਸਟੈਸ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਲੋਕ ਕੋਵਿੰਡ-19 ਤੋਂ ਬਚਾਓ ਬਾਰੇ ਵੀ ਪੂਰੀ ਤਰ੍ਹਾਂ ਸੁਹਿਰਦ ਹੋ ਸਕਣ। ਡਾ. ਵਨੀਤਾ ਭੁੱਲਰ ਐੱਸਐੱਮਓ ਨੇ ਕਿਹਾ ਕਿ ਭਾਵੇਂ ਉਕਤ ਪਿੰਡ ਵਿਚੋਂ ਲਏ ਸਾਰੇ ਸੈਂਪਲ ਠੀਕ ਆਏ ਸਨ ਪਰ ਫਿਰ ਵੀ ਇਤਹਾਤ ਦੇ ਤੌਰ 'ਤੇ ਪਿੰਡ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਤਾਕੀਦ ਕੀਤੀ ਹੋਈ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਪਿੰਡ ਵਿਚ ਤਾਇਨਾਤ ਸਿਹਤ ਵਿਭਾਗ ਦੀ ਟੀਮ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਰਹੀ ਹੈ। ਪਿੰਡ ਵਾੜਾ ਭਾਈ ਕਾ ਸਮੇਤ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਸੁਹਿਰਦਤਾ ਅਪਣਾਉਣ ਦੀ ਅਪੀਲ ਕਰਦਿਆ ਡਾ. ਭੁੱਲਰ ਨੇ ਕਿਹਾ ਕਿ ਇਹ ਸੁਹਿਰਦਤਾ ਅਸੀਂ ਆਪਣੇ, ਆਪਣੇ ਪਰਿਵਾਰ ਤੇ ਸਮਾਜ ਲਈ ਅਪਣਾਉਣੀ ਹੈ, ਕਿਉਂਕਿ ਜਿਥੇ ਇਸ ਭਿਆਨਕ ਵਾਈਰਸ ਨੇ ਦੁਨੀਆਂ ਭਰ ਦੇ ਵੱਡੇ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਇਸ ਦਾ ਭਾਰਤ ਵਿਚ ਸਮਾਧਾਨ ਅਜਿਹੇ ਢੰਗ ਨਾਲ ਹੀ ਹੋ ਸਕਦਾ ਹੈ, ਜਿਸ ਨੂੰ ਅਪਣਾਉਣਾ ਸਾਡਾ ਸਭਨਾਂ ਦਾ ਫਰਜ਼ ਵੀ ਬਣਦਾ ਹੈ।