ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 28 ਅਪ੍ਰੈਲ 2020 - ਇੱਕ ਪਾਸੇ ਸਿਹਤ ਵਿਭਾਗ ਕੋਰੋਨਾ ਦੀ ਮਹਾਂਮਾਰੀ ਕਰਕੇ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਵਿਭਾਗ ਦੀਆਂ ਸਿਹਤ ਸੇਵਾਵਾਂ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਪਰ ਦੁਜੇ ਪਾਸੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਢੰਗ ਨਾਲ ਗਰਭਵਤੀ ਔਰਤਾਂ ਨੂੰ ਫੋਨ ਕਰਕੇ ਪੈਸਿਆਂ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਫੀਲਡ ਸਟਾਫ ਤੋਂ ਵਾਰ-ਵਾਰ ਸੁਨਣ ਨੂੰ ਮਿਲ ਰਹੀਆਂ ਹਨ। ਪੈਸਿਆਂ ਦੀ ਠੱਗੀ ਮਾਰਨ ਲਈ ਠੱਗਾਂ ਵੱਲੋਂ ਗਰਭਵਤੀ ਔਰਤਾਂ ਜਾਂ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਪਤਾ ਕਰਕੇ ਉਨਾਂ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਝਾਂਸਾ ਦਿੱਤਾ ਜਾ ਰਿਹਾ ਹੈ ਤੇ ਉਨਾਂ ਤੋਂ ਏ.ਟੀ.ਐਮ ਦਾ ਪਾਸਵਰਡ ਅਤੇ ਮੋਬਾਇਲ ਤੇ ਭੇਜਿਆ ਓ.ਟੀ.ਪੀ ਵੀ ਪੁੱਛ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਿਵਲ ਸਰਜਨ ਨੇ ਸਮੂਹ ਇਲਾਕਾ ਨਿਵਾਸੀਆਂ,ਆਸ਼ਾ,ਆਸ਼ਾ ਫੈਸਿਲੀਟੇਟਰ,ਵਿਭਾਗ ਦੇ ਮੈਡੀਕਲ,ਪੈਰਾ-ਮੈਡੀਕਲ ਅਤੇ ਮਾਸ ਮੀਡੀਆ ਦੀ ਟੀਮ ਨੂੰ ਸੁਚੇਤ ਰਹਿਣ, ਪਬਲਿਕ ਨੂੰ ਜਾਗਰੂਕ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦੇ ਦਿੱਤੇ ਹਨ।ਉਨਾਂ ਸਿਹਤ ਸਕੀਮਾਂ ਲੈ ਰਹੇ ਲਾਭਪਤਾਰੀਆਂ ਨੂੰ ਵੀ ਕਿਸੇ ਵੀ ਵਿਅਕਤੀ ਨੂੰ ਆਪਣੀ ਬੈਂਕ ਡਿਟੇਲ ਅਤੇ ਓ.ਟੀ.ਪੀ ਨਾ ਸਾਂਝਾ ਕਰਨ ਦੀ ਸਲਾਹ ਦਿੱਤੀ।