ਅਸ਼ੋਕ ਵਰਮਾ
ਮਾਨਸਾ, 13 ਅਪੈ੍ਲ 2020: ਨਵੇਂ ਵਿੱਦਿਅਕ ਸ਼ੈਸਨ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਸਿੱਖਿਆ ਨੂੰ ਹੋਰ ਦਿਲਚਸਪ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਰੇਡਿਓ ਰਾਹੀਂਂ ਗਿਆਨ ਵੰਡਣ ਦਾ ਅਹਿਮ ਨਿਰਣਾ ਲਿਆ ਸੀ, ਜਿਸ ਤਹਿਤ ਵਿਸ਼ਾ ਮਾਹਿਰ ਅਧਿਆਪਕ ਰੋਚਕ ਤਰੀਕੇ ਨਾਲ ਘਰ ਬੈਠੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਹਨ। ਜੋ ਕਿ ਲਾਕ ਡਾਊਨ ਦੀ ਇਸ ਸਥਿਤੀ ਵਿੱਚ ਇਹ ਪ੍ਰੋਗਰਾਮ ਬੱਚਿਆਂ ਲਈ ਅਹਿਮ ਸਹਾਈ ਹੋ ਰਿਹਾ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ
ਦੱਸਿਆ ਕਿ ਅੰਤਰਰਾਸ਼ਟਰੀ ਇੰਟਰਨੈੱਟ ਦੋਆਬਾ ਰੇਡੀਉ ਦੀ ਪਹਿਲ ਕਦਮੀ ਨਾਲ ਬੀਤੇ ਦਿਨੀਂ ਸ਼ੁਰੂ ਕੀਤੇ ਪ੍ਰੋਗਰਾਮ "ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ" ਪ੍ਰੋਗਰਾਮ ਤਹਿਤ ਵੱਖ ਵੱਖ ਜ਼ਿਲਿਆਂ ਦੇ ਅਧਿਆਪਕ ਸਿਲੇਬਸ ਅਧਾਰਤ ਸਰਲ ਤੇ ਦਿਲਚਸਪ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਬੇਸ਼ੱਕ ਪ੍ਰੋਗਰਾਮ ਸ਼ੁਰੂ ਹੋਏ ਨੂੰ ਕੁਝ ਕੁ ਦਿਨ ਹੀ ਹੋਏ ਹਨ, ਇਸ ਦੇ ਬਾਵਜ਼ੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਚੰਗਾ ਹੁਗਾਰਾਂ ਮਿਲ ਰਿਹਾ ਹੈ। ਦੁਆਬਾ ਰੇਡੀਉ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਅਤੇ ਬੁਲਾਰੇ ਸਮਰਜੀਤ ਸਿੰਘ ਸ਼ਮੀ ਨੇ ਦੱਸਿਆ ਕਿ ਇਹ ਰੇਡੀਓ ਐਪ ਨੂੰ ਮੁਫ਼ਤ ਐਡਰਾਈਡ ਅਤੇ ਐਪਲ ਉੱਤੇ ਡਾਉਨਲੋਂਡ ਕਰਕੇ ਸੁਣਿਆ ਜਾ ਸਕਦਾ ਹੈ ਅਤੇ ਇਸ ਉੱਤੇ ਪ੍ਰਸਾਰਿਤ ਪ੍ਰੋਗਰਾਮ ਡਾਉਨਲੋਂਡ ਕਰਕੇ ਵੀ ਸਾਂਝੇ ਕੀਤੇ ਜਾ ਸਕਦੇ ਹਨ , ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੁਪਿਹਰ 3 ਵਜੇ ਪੇਸ਼ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਵੱਲੋਂ ਪਾਠ ਪੇਸ਼ ਕੀਤੇ ਜਾਂਦੇ ਹਨ ਜਿਸ ਨੂੰ ਸੁਣ ਕੇ ਵਿਦਿਆਰਥੀ ਉਤਸੁਕਤਾ ਨਾਲ ਉਡੀਕਦੇ ਹਨ। ਰੇਡੀਉ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਆਪੀ ਲਾਕਡਾਉਨ ਦਾ ਹਰ ਖੇਤਰ ਵਿੱਚ ਪ੍ਰਭਾਵ ਪਿਆ ਹੈ ਅਤੇ ਸਕੂਲ ਸਿੱਖਿਆ ਨਾਲ ਜੁੜੇ ਅਦੀਬਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਨੂੰ ਰੌਚਕ ਢੰਗ ਨਾਲ ਪਾਠ ਸਮੱਗਰੀ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਐਲੀਮੈਂਟਰੀ ਜਗਰੂਪ ਭਾਰਤੀ,ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ਼ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਚ ਬਾਅਦ ਦੁਪਹਿਰ ਤਿੰਨ ਵਜੇ ਤੋਂ ਕਲਾਸ ਛੇਵੀਂ, ਅੱਠਵੀਂ, ਨੌਵੀ ਦੇ ਤਿੰਨ ਲੈਕਚਰ ਹੁੰਦੇ ਹਨ। ਇਸ ਤੋਂ ਇਲਾਵਾ ਪ੍ਰਾਇਮਰੀ ਕਲਾਸਾਂ ਦੇ ਲੈਕਚਰ ਅਤੇ ਹੋਰ ਦਿਲਚਸਪ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਮੈਡਮ ਸੁਮਨ ਸਰਕਾਰੀ ਸੈਕੰਡਰੀ ਸਕੂਲ ਕੋਟਲੀ ਕਲਾਂ, ਸੰਦੀਪ ਕੌਰ ਆਲਮਪੁਰ ਮੰਦਰਾਂ, ਯੋਗਿਤਾ ਜੋਸ਼ੀ ਲੈਕਚਰਾਰ ਭੈਣੀ ਬਾਘਾ, ਗੁਰਪ੍ਰੀਤ ਕੌਰ ਚਹਿਲ ਚਹਿਲਾਂਵਾਲੀ, ਕਰਮਜੀਤ ਸਿੰਘ ਗਰੇਵਾਲ ਲਲਤੋਂ ਕਲਾਂ ਲੁਧਿਆਣਾ, ਉਮਾ ਕਮਲ ਰੌਲੀ ਹੁਸ਼ਿਆਰਪੁਰ,ਸਮਰਜੀਤ ਸਿੰਘ ਸ਼ਮੀ ਤਲਵਾੜਾ, ਸੀਮਾ ਗਰਗ ਭੀਖੀ, ਅਨੂ ਰਾਣੀ, ਮੋਨਿਕਾ, ਕੁਲਵਿੰਦਰ ਕੌਰ, ਨੀਲਮ ਕੁਮਾਰੀ ਅਤੇ ਮਨਦੀਪ ਸੇਠੀ ਲੁਧਿਆਣਾ ਨੇ ਆਪਣੇ ਵੱਖ ਵੱਖ ਵਿਸ਼ਿਆ ਤੇ ਦਿਲਚਸਪ ਲੈਕਚਰ ਸੁਣਾਏ।